ਕਿਸੇ ਨੇ ਨਹੀਂ ਮੰਗਿਆ 24 ਘੰਟੇ ਪਾਣੀ, ਜ਼ਬਰਦਸਤੀ ਥੋਪਿਆ ਪ੍ਰਾਜੈਕਟ : ਮੇਅਰ
Monday, Aug 05, 2024 - 12:58 PM (IST)
ਚੰਡੀਗੜ੍ਹ (ਨਵਿੰਦਰ) : ਮੇਅਰ ਕੁਲਦੀਪ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਮਨੀਮਾਜਰਾ ’ਚ 24 ਘੰਟੇ ਪਾਣੀ ਸਪਲਾਈ ਦੇ ਪ੍ਰਾਜੈਕਟ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਅੱਜ ਤੱਕ ਕਿਸੇ ਵੀ ਸ਼ਹਿਰ ਵਾਸੀ ਵੱਲੋਂ 24 ਘੰਟੇ ਪਾਣੀ ਦੀ ਸਪਲਾਈ ਦੀ ਮੰਗ ਨਹੀਂ ਕੀਤੀ ਗਈ। ਭਾਜਪਾ ਵੱਲੋਂ ਜ਼ਬਰਦਸਤੀ ਇਸ ਪ੍ਰਾਜੈਕਟ ਨੂੰ ਸ਼ਹਿਰ ਵਾਸੀਆਂ ’ਤੇ ਥੋਪਿਆ ਜਾ ਰਿਹਾ ਹੈ ਅਤੇ ਕਰੋੜਾਂ ਰੁਪਏ ਦੀ ਬਰਬਾਦੀ ਕੀਤੀ ਜਾ ਰਹੀ ਹੈ।
ਜੇਕਰ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਦੀ ਸਹੂਲਤ ਮਿਲਦੀ ਹੈ ਤਾਂ ਇਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਾਉਣਾ ਆਸਾਨ ਹੋ ਜਾਵੇਗਾ ਤੇ ਉਨ੍ਹਾਂ ਦੇ ਵਿੱਤੀ ਬੋਝ ’ਚ ਵੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਲਈ 2 ਵਾਰ ਮਤਾ ਪਾਸ ਕੀਤਾ ਜਾ ਚੁੱਕਾ ਹੈ ਪਰ ਭਾਜਪਾ ਵੱਲੋਂ ਸ਼ਹਿਰ ਵਾਸੀਆਂ ਨੂੰ ਮੁਫ਼ਤ ਪਾਣੀ ਦੀ ਸਹੂਲਤ ਤੋਂ ਦੂਰ ਰੱਖਣ ਲਈ ਜਾਣ-ਬੁੱਝ ਕੇ ਅੜਿੱਕੇ ਪਾਏ ਜਾ ਰਹੇ ਹਨ। ਦੂਜੇ ਪਾਸੇ ਚੰਡੀਗੜ੍ਹ ਵਾਸੀਆਂ ਨੂੰ 24 ਘੰਟੇ ਪਾਣੀ ਦੇਣ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਜਾ ਰਿਹਾ ਹੈ, ਜਿਸ ਦਾ ਸਾਰਾ ਬੋਝ ਚੰਡੀਗੜ੍ਹ ਵਾਸੀਆਂ ’ਤੇ ਪਵੇਗਾ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ’ਚ ਆਉਣ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਪਰੇਸ਼ਾਨੀ ਝੱਲਣੀ ਪਈ। ਉਨ੍ਹਾਂ ਦੇ ਚੰਡੀਗੜ੍ਹ ਆਉਣ ਨਾਲ ਸ਼ਹਿਰ ਵਾਸੀਆਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ, ਸਗੋਂ ਨੁਕਸਾਨ ਹੀ ਹੋਇਆ ਹੈ। ਉਨ੍ਹਾਂ ਦੇ ਦੌਰੇ ਕਾਰਨ ਚੰਡੀਗੜ੍ਹ ਦੀਆਂ ਕਈ ਸੜਕਾਂ ਬੰਦ ਰਹੀਆਂ। ਉਨ੍ਹਾਂ ਦੇ ਪ੍ਰੋਗਰਾਮ ’ਤੇ ਪ੍ਰਸ਼ਾਸਨ ਵੱਲੋਂ ਪੈਸੇ ਦੀ ਬਹੁਤ ਬਰਬਾਦੀ ਕੀਤੀ ਗਈ। ਇਸ ਪੈਸੇ ਨਾਲ ਸ਼ਹਿਰ ਵਾਸੀਆਂ ਲਈ ਬਹੁਤ ਸਾਰੇ ਭਲਾਈ ਦੇ ਕੰਮ ਕੀਤੇ ਜਾ ਸਕਦੇ ਸਨ।
ਗ੍ਰਹਿ ਮੰਤਰੀ ਦੇ ਸ਼ਹਿਰ ’ਚ ਆਉਣ ਕਾਰਨ ਸਟੇਟ ਕੋਆਪ੍ਰੇਟਿਵ ਬੈਂਕ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਦੀਆਂ ਚੋਣਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਟਾਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 24 ਘੰਟੇ ਪਾਣੀ ਦੇ ਪਾਇਲਟ ਪ੍ਰਾਜੈਕਟ ਦੇ ਉਦਘਾਟਨੀ ਪ੍ਰੋਗਰਾਮ ਦੇ ਸੱਦਾ ਪੱਤਰ ’ਤੇ ਮੇਅਰ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਨਾਮ ਨਾ ਲਿਖਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੇਅਰ ਤੇ ਸੰਸਦ ਮੈਂਬਰ ਸਾਰੇ ਚੰਡੀਗੜ੍ਹ ਵਾਸੀਆਂ ਦਾ ਹੁੰਦਾ ਹੈ। ਉਨ੍ਹਾਂ ਦਾ ਨਾਮ ਨਾ ਲਿਖਣਾ ਸਾਰੇ ਚੰਡੀਗੜ੍ਹ ਵਾਸੀਆਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਾਲੇ ਤੱਕ ਮੇਅਰ ਚੋਣ ਤੇ ਲੋਕ ਸਭਾ ਚੋਣਾਂ ਹਾਰਨ ਦੇ ਸਦਮੇ ਤੋਂ ਬਾਹਰ ਨਹੀਂ ਨਿਕਲ ਸਕੀ, ਜਿਸ ਕਾਰਨ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਰਾਹੀਂ ਅਜਿਹੀਆਂ ਹਰਕਤਾਂ ਕਰ ਰਹੀ ਹੈ।