ਪੰਜਾਬ ਦੇ 31000 ਕਰੋੜ ਦੇ ਅਨਾਜ ਖਾਤੇ ਦਾ ਮਾਮਲਾ ਅੱਧ ਵਿਚਾਲੇ ਲਟਕਿਆ

Thursday, Dec 02, 2021 - 01:43 PM (IST)

ਪੰਜਾਬ ਦੇ 31000 ਕਰੋੜ ਦੇ ਅਨਾਜ ਖਾਤੇ ਦਾ ਮਾਮਲਾ ਅੱਧ ਵਿਚਾਲੇ ਲਟਕਿਆ

ਜਲੰਧਰ (ਐੱਨ. ਮੋਹਨ) : ਪੰਜਾਬ ਦੀ ਸਿਆਸੀ ਖੇਡ ’ਚ ਫੁੱਟਬਾਲ ਬਣੇ 31000 ਕਰੋੜ ਰੁਪਏ ਦੇ ਅਨਾਜ ਦੇ ਕਰਜ਼ੇ ਦਾ ਮਾਮਲਾ (ਅਨਾਜ ਖਾਤੇ ਦਾ ਮਾਮਲਾ) ਇਸ ਸਰਕਾਰ ’ਚ ਵੀ ਸੁਲਝਦਾ ਨਜ਼ਰ ਨਹੀਂ ਆ ਰਿਹਾ। ਸੂਬੇ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਤਾਂ ਇਸ ਦੇ ਲਈ ਕੋਸ਼ਿਸ਼ ਕੀਤਾ ਸੀ ਪਰ ਅਜੇ ਤੱਕ ਕੁਝ ਵੀ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਕੁੱਲ ਰਾਸ਼ੀ ’ਚ 7000 ਕਰੋੜ ਰੁਪਏ ਜ਼ਿਆਦਾ ਹੈ ਪਰ ਉਸ ਨਾਲ ਵੀ ਕੁਝ ਨਹੀਂ ਬਣ ਸਕਿਆ। ਪਿਛਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਆਖਰੀ ਦਿਨਾਂ ’ਚ ਫਸਲ ਖਰੀਦ ਅਤੇ ਸੀ. ਸੀ. ਐੱਲ. ਲਿਮਿਟ ਦੇ ਫਰਕ ਦੇ ਵਿਵਾਦ ਦਰਮਿਆਨ ਪੰਜਾਬ ਦੇ ਸਿਰ 31000 ਕਰੋੜ ਰੁਪਏ ਦਾ ਅਨਾਜ ਕਰਜ਼ਾ ਹੋ ਗਿਆ ਸੀ। ਦੋਸ਼ ਸੀ ਕਿ ਸਾਬਕਾ ਅਕਾਲੀ ਸਰਕਾਰ ਦੀ ਬੇਸਮਝੀ ਕਾਰਨ ਪੰਜਾਬ ਦੇ ਸਿਰ 31000 ਕਰੋੜ ਦਾ ਬੇਮਤਲਬੀ ਕਰਜ਼ਾ ਚੜ੍ਹਿਆ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਇਹ ਵੀ ਖੁਲਾਸਾ ਹੋਇਆ ਸੀ ਕਿ ਕੇਂਦਰ ਸਰਕਾਰ ਕਰਜ਼ੇ ਦੀ ਰਾਸ਼ੀ ਘੱਟ ਕਰਨ ਨੂੰ ਤਿਆਰ ਸੀ ਪਰ ਸਾਬਕਾ ਅਕਾਲੀ ਸਰਕਾਰ ਨੇ ਇਸ ਦੇ ਲਈ ਪਹਿਲ ਨਹੀਂ ਕੀਤੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਇਹ ਦਸਤਾਵੇਜੀ ਦੋਸ਼ ਸੀ ਕਿ ਕੇਂਦਰ ਸਰਕਾਰ ਪੰਜਾਬ ਨੂੰ 13000 ਕਰੋੜ ਕਰਜ਼ੇ ’ਚ ਬੰਨਣ ਦੇ ਇਰਾਦੇ ’ਚ ਸੀ ਪਰ ਤਤਕਾਲੀ ਸਰਕਾਰ ਨੇ ਪੰਜਾਬ ’ਤੇ 31000 ਕਰੋੜ ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ। ਪੰਜਾਬ ’ਚ ਇਹ ਮਾਮਲਾ ਕੇਂਦਰੀ ਵਿੱਤ ਕਮਿਸ਼ਨ ਦੇ ਸਾਹਮਣੇ ਵੀ ਰੱਖਿਆ ਸੀ ਅਤੇ ਇਸ ਮਾਮਲੇ ’ਚ ਕਮਿਸ਼ਨ ਨੇ ਇਕ ਕਮੇਟੀ ਦਾ ਗਠਨ ਵੀ ਕੀਤਾ ਸੀ ਪਰ ਨਵੰਬਰ 2019 ’ਚ ਗਠਿਤ ਇਸ ਕਮੇਟੀ ਦੀ ਰਿਪੋਰਟ ਦਾ ਕੀ ਬਣਿਆ ਅਜੇ ਵੀ ਪੰਜਾਬ ਸਰਕਾਰ ਨੂੰ ਨਹੀਂ ਪਤਾ। ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਆਸ਼ੂ ਨੇ ਦੱਸਿਆ ਕਿ ਕੇਂਦਰੀ ਵਿੱਤ ਕਮਿਸ਼ਨ ਦੇ ਕੋਲ ਪੰਜਾਬ ਨੇ ਵਿੱਤੀ ਗੈਪ ਦੀ ਰਾਸ਼ੀ ’ਚ 7000 ਕਰੋੜ ਉੱਤੇ ਇਤਰਾਜ ਪ੍ਰਗਟਾਇਆ ਸੀ ਅਤੇ ਕਮਿਸ਼ਨ ਨੇ ਵੀ ਇਸ 7000 ਕਰੋਡ਼ ਦੀ ਰਾਸ਼ੀ ਨੂੰ ਗ਼ੈਰ-ਵਾਜਿਬ ਮੰਨਿਆ ਸੀ ਪਰ ਮਾਮਲਾ ਅਜੇ ਅੱਧ ਵਿਚਾਲੇ ਹੀ ਲਟਕਿਆ ਹੋਇਆ ਹੈ।

ਇਹ ਵੀ ਪੜ੍ਹੋ : ਸੋਨੀ ਨੇ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਤਿਆਰੀਆਂ ਦਾ ਲਿਆ ਜਾਇਜ਼ਾ

ਕਰਮਚਾਰੀਆਂ ਦਾ ਅੰਦੋਲਨ ਸਿਆਸਤ ਤੋਂ ਪ੍ਰੇਰਿਤ : ਮੰਤਰੀ ਆਸ਼ੂ
 ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਖਰੜ ਅਤੇ ਕੁਝ ਹੋਰ ਥਾਵਾਂ ’ਤੇ ਅੰਦੋਲਨ ਕਰ ਰਹੇ ਕਰਮਚਾਰੀਆਂ ਦਾ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਮੰਤਰੀ ਨੇ ਕਿਹਾ ਕਿ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਲੋਕ ਅਜਿਹੇ ਅੰਦੋਲਨਾਂ ’ਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਅੰਦੋਲਨਕਾਰੀ ਨੇਤਾ ਸਿਆਸਤ ਤੋਂ ਪ੍ਰੇਰਿਤ ਨਹੀਂ ਹਨ ਪਰ ਫਿਰ ਵੀ ਕੁਝ ਨੇਤਾ ਸਿਆਸਤ ਤੋਂ ਪ੍ਰੇਰਿਤ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਆਪਣੇ ਐਲਾਨਾਂ ਮੁਤਾਬਕ ਅਸਥਾਈ ਕਰਮਚਾਰੀਆਂ ਨੂੰ ਪੱਕਾ ਕਰ ਰਹੀ ਰਹੀ।

ਇਹ ਵੀ ਪੜ੍ਹੋ : ਕਿਸਾਨੀ ਕਰਜ਼ੇ ’ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਾਂਗਰਸ ਦੇ ਧੋਖ਼ੇ ’ਤੇ ਪਰਦਾ ਨਹੀਂ ਪਾ ਸਕਦੇ ਚੰਨੀ : ਸੰਧਵਾਂ

ਸਸਤੇ ਰਾਸ਼ਨ ’ਚ ਚਾਹ ਪੱਤੀ ਦੀ ਫਾਈਲ ਵਿੱਤ ਵਿਭਾਗ ’ਚ ਫਸੀ
ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬੇ ’ਚ ਜ਼ਰੂਰਤਮੰਦਾਂ ਨੂੰ ਸਸਤੇ ਮੁੱਲ ’ਤੇ ਆਟਾ-ਦਾਲ ਦੇ ਨਾਲ ਚਾਹ ਪੱਤੀ ਦੇਣ ਦੀ ਯੋਜਨਾ ਦੀ ਫਾਈਲ ਵਿਤ ਵਿਭਾਗ ਦੇ ਕੋਲ ਮਨਜ਼ੂਰੀ ਲਈ ਪਈ ਹੈ। ਜਦੋਂ ਵੀ ਵਿੱਤ ਵਿਭਾਗ ਆਪਣੀ ਮਨਜ਼ੂਰੀ ਦੇ ਦੇਵੇਗਾ, ਵਿਭਾਗ ਸਸਤੇ ਮੁੱਲ ’ਤੇ ਚਾਹ ਪੱਤੀ ਦੇਣੀ ਸ਼ੁਰੂ ਕਰ ਦੇਵੇਗਾ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਚਾਹ ਪੱਤੀ ਵੀ ਸਸਤੇ ਮੁੱਲ ’ਤੇ ਦੇਣ ਦਾ ਵਾਅਦਾ ਕੀਤਾ ਸੀ। ਪਿਛਲੇ ਸਾਲ 2020 ਮਾਰਚ ’ਚ, ਵਿਧਾਨ ਸਭਾ ਸੈਸ਼ਨ ’ਚ ਮੰਤਰੀ ਆਸ਼ੂ ਨੇ ਇਕ ਸਵਾਲ ਦੇ ਜਵਾਬ ’ਚ ਭਰੋਸਾ ਦਿੱਤਾ ਸੀ ਕਿ ਸਰਕਾਰ ਆਉਂਦੇ ਸੀਜ਼ਨ ਤੋਂ ਲੋਕਾਂ ਨੂੰ ਆਟਾ, ਦਾਲ ਦੇ ਨਾਲ ਸਸਤੇ ਮੁੱਲ ’ਤੇ ਖੰਡ ਅਤੇ ਚਾਹ ਪੱਤੀ ਵੀ ਦੇਣਾ ਸ਼ੁਰੂ ਕਰੇਗੀ। ਮੰਤਰੀ ਨੇ ਕਿਹਾ ਸੀ ਕਿ ਇਸ ਦੇ ਲਈ ਵਿੱਤ ਵਿਭਾਗ ਤੋਂ 760 ਕਰੋੜ ਦੀ ਮੰਗ ਕੀਤੀ ਸੀ ਤੇ ਇਸ ਦੇ ਲਈ ਬਜਟ ਵੀ ਰੱਖਿਆ ਗਿਆ ਸੀ ਪਰ ਕੋਰੋਨਾ ਕਾਰਨ ਯੋਜਨਾ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ।

ਇਹ ਵੀ ਪੜ੍ਹੋ : ਅਰੁਨਾ ਚੌਧਰੀ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਨੂੰ ਜਲਦੀ ਮੁਕੰਮਲ ਕਰਨ ਲਈ ਮੰਗੇ ਹੋਰ ਡਰੋਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News