ਮਾਤਾ ਚਿੰਤਪੁਰਨੀ ਮੇਲੇ ਸਬੰਧੀ ਲੱਗਣ ਵਾਲੇ ''ਲੰਗਰਾਂ'' ਨੂੰ ਲੈ ਕੇ ਹੁਸ਼ਿਆਰਪੁਰ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ
Thursday, Aug 05, 2021 - 09:21 AM (IST)
ਹੁਸ਼ਿਆਰਪੁਰ : ਮਾਤਾ ਚਿੰਤਪੁਰਨੀ ਜੀ ਦੇ 9 ਤੋਂ 16 ਅਗਸਤ ਤੱਕ ਲੱਗਣ ਵਾਲੇ ਮੇਲੇ ਸਬੰਧੀ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਧਾਰਮਿਕ ਸੰਗਠਨਾਂ, ਲੰਗਰ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਸਰਵ ਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਮਾਤਾ ਚਿੰਤਪੁਰਨੀ ਮੇਲੇ ਸਬੰਧੀ ਹੁਸ਼ਿਆਰਪੁਰ ਵਿੱਚ ਰੋਡ ਸਾਈਡ ਲੰਗਰ ਨਾ ਲਗਾਉਂਦੇ ਹੋਏ ਪ੍ਰਸ਼ਾਸਨ ਵਲੋਂ ਦੱਸੇ ਗਏ ਕੁੱਝ ਸਥਾਨਾਂ ’ਤੇ ਹੀ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੰਗਰ ਲਗਾਏ ਜਾਣਗੇ। ਇਸ ਦੀ ਸਹਿਮਤੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰੇ ਧਾਰਮਿਕ ਸੰਗਠਨਾਂ ਅਤੇ ਲੰਗਰ ਕਮੇਟੀਆਂ ਨੂੰ ਆਸਥਾ ਦੇ ਨਾਲ-ਨਾਲ ਕੋਵਿਡ-19 ਤੋਂ ਬਚਾਅ ਦੇ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਗੈਸ ਨਾਲ ਭਰੇ ਸਿੰਲਡਰਾਂ ਵਾਲੇ ਚੱਲਦੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਸਮੇਤ ਲੋਕਾਂ ਦੇ ਸੁੱਕੇ ਸਾਹ
ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲਿਆਂ ਸਬੰਧੀ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ ਅਤੇ ਸਾਰੇ ਸੰਗਠਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਤਾ ਚਿੰਤਪੁਰਨੀ ਦੇ ਮੇਲੇ ਸਬੰਧੀ ਆਪਣੀਆਂ ਤਿਆਰੀਆਂ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਵਿਡ-19 ਦੇ ਚੱਲਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਪ੍ਰਸ਼ਾਸਨ ਵੱਲੋਂ ਰੋਡ ਸਾਈਡ ਲੰਗਰ ਅਤੇ ਅਸਥਾਈ ਦੁਕਾਨਾਂ ’ਤੇ ਪੂਰਨ ਰੋਕ ਲਗਾ ਦਿੱਤੀ ਗਈ ਹੈ। ਇਸ ਲਈ ਹੁਸ਼ਿਆਰਪੁਰ ਤੋਂ ਲੰਘਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਨਾਲ-ਨਾਲ ਆਪਣੀ ਸੁਰੱਖਿਆ ਯਕੀਨੀ ਬਣਾਈ ਰੱਖਣ ਦੇ ਲਈ ਸੰਸਥਾਵਾਂ ਸਿਰਫ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੱਸੇ ਗਏ ਸਥਾਨਾਂ ’ਤੇ ਕੋਵਿਡ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲੰਗਰ ਲਗਾਉਣ। ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਜ਼ਿਲ੍ਹੇ ਵਿੱਚ ਕੋਵਿਡ-19 ’ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਅੱਗੇ ਨਾ ਫੈਲੇ, ਇਸ ਦੇ ਲਈ ਜ਼ਿਲ੍ਹਾ ਵਾਸੀਆਂ ਵਿਸ਼ੇਸ਼ ਕਰਕੇ ਹੁਸ਼ਿਆਰਪੁਰ ਦੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਅੱਗੇ ਆਉਣਾ ਹੋਵੇਗਾ।
ਇਹ ਵੀ ਪੜ੍ਹੋ : ਲੁਧਿਆਣਾ ਦੇ ਦਰਜਨਾਂ ਇਲਾਕੇ ਡੇਂਗੂ ਦੇ ਨਿਸ਼ਾਨੇ 'ਤੇ, 80 ਮਰੀਜ਼ ਆਏ ਸਾਹਮਣੇ
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਕੁੱਝ ਥਾਵਾਂ ’ਤੇ ਲੰਗਰ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਕਵਰ ਹੋਣਗੀਆਂ। ਉਨ੍ਹਾਂ ਲੰਗਰ ਕਮੇਟੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਨਿਰਧਾਰਿਤ ਸਥਾਨਾਂ ’ਤੇ ਲਾਏ ਗਏ ਲੰਗਰ ਵਿੱਚ ਹੀ ਹਿੱਸੇਦਾਰ ਬਣਨ। ਉਨ੍ਹਾਂ ਕਿਹਾ ਕਿ ਐਸ. ਡੀ. ਐਮ. ਹੁਸ਼ਿਆਰਪੁਰ ਜਿਨ੍ਹਾਂ ਥਾਵਾਂ ਨੂੰ ਚੁਣਨਗੇ, ਸਿਰਫ ਉਨ੍ਹਾਂ ਥਾਵਾਂ ’ਤੇ ਲੰਗਰ ਲਗਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕਿਤੇ ਵੀ ਲੰਗਰ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੂੰ ਆਪਣੇ ਬਿਨੈ-ਪੱਤਰ ਵਿੱਚ ਆਪਣੀ ਸੰਸਥਾ ਦੇ ਕੋਵਿਡ ਮਾਨਿਟਰ ਦਾ ਨਾਮ ਵੀ ਦੇਣਾ ਜ਼ਰੂਰੀ ਹੋਵੇਗਾ, ਜੋ ਕਿ ਲੰਗਰ ਵਾਲੇ ਸਥਾਨ ’ਤੇ ਕੋਵਿਡ ਹਦਾਇਤਾਂ ਦੀ ਪਾਲਣਾ ਕਰਵਾਉਣ ਦੇ ਲਈ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਪੀਣ ਦਾ ਪਾਣੀ, ਦਵਾਈਆਂ, ਟੈਂਪਰੇਰੀ ਪਖ਼ਾਨੇ, ਹੈਲਪਲਾਈਨ ਨੰਬਰ ਅਤੇ ਸਫਾਈ ਵਿਵਸਥਾ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੰਗਰ ਵਿੱਚ ਡੀ. ਜੇ. ’ਤੇ ਪੂਰਨ ਪਾਬੰਦੀ ਰਹੇਗੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਖੰਨਾ 'ਚ ਕਿਸਾਨ ਆਗੂ 'ਰਾਜੇਵਾਲ' ਦੇ ਹੱਕ 'ਚ ਲੱਗੇ ਪੋਸਟਰ, ਛਿੜੀ ਨਵੀਂ ਚਰਚਾ
ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਹਾਜ਼ਰ ਸਾਰੇ ਸੰਗਠਨਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੇਲੇ ਦੌਰਾਨ ਸਿਹਤ ਦੇ ਨਾਲ-ਨਾਲ ਸਫ਼ਾਈ ਵਿਵਸਥਾ ਦਾ ਵੀ ਧਿਆਨ ਰੱਖਣ ਅਤੇ ਮਾਸਕ ਪਹਿਨ ਕੇ ਹੀ ਘਰ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਬਿਨ੍ਹਾ ਮਾਸਕ ਵਾਲੇ ਲੋਕਾਂ ਦੇ ਖ਼ਿਲਾਫ਼ ਪੁਲਸ ਸਖ਼ਤੀ ਨਾਲ ਪੇਸ਼ ਆਵੇਗੀ, ਇਸ ਲਈ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਸ ਬਲ ਮੌਜੂਦ ਰਹੇਗਾ ਅਤੇ ਬਕਾਇਦਾ ਹਿਮਾਚਲ ਸੀਮਾ ਤੱਕ 2 ਐਸ. ਪੀ. ਤਾਇਨਾਤ ਹੋਣਗੇ, ਜਿਨ੍ਹਾਂ ਦੀ ਦੇਖ-ਰੇਖ ਵਿੱਚ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਰਹੇਗੀ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਨੇ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਲੰਗਰ ਦੇ ਲਈ ਪੱਤਲ ਅਤੇ ਬਰਤਨਾਂ ਦਾ ਹੀ ਇਸਤੇਮਾਲ ਕਰਨ ਅਤੇ ਡਿਸਪੋਜ਼ੇਬਲ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਫਾਈ ਵਿਵਸਥਾ ’ਤੇ ਕਾਫੀ ਹੱਦ ਤੱਕ ਅਸੀਂ ਕਾਬੂ ਪਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡਕ੍ਰਾਸ ਸੋਸਾਇਟੀ ਦੇ ਕੋਲ ਵੀ ਬਰਤਨ ਬੈਂਕ ਹੈ, ਜੇਕਰ ਕੋਈ ਸੰਸਥਾ ਉਨ੍ਹਾਂ ਕੋਲੋਂ ਬਰਤਨ ਲੈਣਾ ਚਾਹੁੰਦੀ ਹੈ ਤਾਂ ਨਿਰਧਾਰਿਤ ਸਕਿਓਰਿਟੀ ਰਾਸ਼ੀ ਜਮ੍ਹਾਂ ਕਰਵਾ ਕੇ ਉਨ੍ਹਾਂ ਕੋਲੋਂ ਬਰਤਨ ਲੈ ਸਕਦੀ ਹੈ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਐਸ. ਡੀ. ਐਮ. ਹੁਸ਼ਿਆਰਪੁਰ ਸ਼ਿਵਰਾਜ ਬੱਲ, ਡੀ. ਐਸ. ਪੀ. ਗੁਰਪ੍ਰੀਤ ਸਿੰਘ, ਡੀ. ਡੀ. ਐਫ. ਪਿਯੂਸ਼ ਗੋਇਲ ਤੋਂ ਇਲਾਵਾ ਧਾਰਮਿਕ, ਸਮਾਜਿਕ ਸੰਗਠਨਾ ਅਤੇ ਲੰਗਰ ਕਮੇਟੀਆਂ ਦੇ ਪ੍ਰਤੀਨਿਧ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ