ਫਗਵਾੜਾ ''ਚ ਦਿਨ-ਦਿਹਾੜੇ ਦਹਿਸ਼ਤ: ਠੇਕੇ ਦੇ ਕਰਿੰਦੇ ਦੇ ਸਿਰ ''ਚ ਮਾਰੀ ਬੋਤਲ, ਹਜ਼ਾਰਾਂ ਦੀ ਨਕਦੀ ਤੇ ਮੋਬਾਈਲ ਲੁੱਟਿਆ
Tuesday, Aug 18, 2026 - 01:37 AM (IST)
ਫਗਵਾੜਾ (ਜਲੋਟਾ) : ਫਗਵਾੜਾ ਖੇਤਰ ਵਿਚ ਬੇਖੌਫ਼ ਲੁਟੇਰਿਆਂ ਨੇ ਇਕ ਵਾਰ ਫਿਰ ਪੁਲਸ ਪ੍ਰਸ਼ਾਸਨ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪਿੰਡ ਨੰਗਲ ਤੋਂ ਮੌਲੀ ਮਾਰਗ ’ਤੇ ਸਥਿਤ ਇਕ ਸ਼ਰਾਬ ਠੇਕੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਨੇ ਦਿਨ-ਦਿਹਾੜੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦੌਰਾਨ ਲੁਟੇਰਿਆਂ ਨੇ ਨਾ ਸਿਰਫ਼ ਪਿਸਤੌਲ ਦੇ ਜ਼ੋਰ ’ਤੇ ਖੌਫ਼ ਦਾ ਮਾਹੌਲ ਪੈਦਾ ਕੀਤਾ, ਸਗੋਂ ਕਰਿੰਦੇ ਵੱਲੋਂ ਵਿਰੋਧ ਕਰਨ ’ਤੇ ਉਸ ਦੇ ਸਿਰ ’ਚ ਬੀਅਰ ਦੀ ਬੋਤਲ ਮਾਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਘਟਨਾ ਸਵੇਰ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਮੌਲੀ ਮਾਰਗ ’ਤੇ ਸਥਿਤ ਠੇਕੇ ’ਤੇ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੇਲਜ਼ਮੈਨ ਰਾਜੇਸ਼ ਕੁਮਾਰ ਡਿਊਟੀ ’ਤੇ ਤਾਇਨਾਤ ਸੀ। ਇਸੇ ਦੌਰਾਨ ਇਕ ਮੋਟਰਸਾਈਕਲ ’ਤੇ ਦੋ ਅਣਪਛਾਤੇ ਨੌਜਵਾਨ ਠੇਕੇ ਦੇ ਬਾਹਰ ਪਹੁੰਚੇ ਅਤੇ ਉਨ੍ਹਾਂ ਨੇ ਬੀਅਰ ਦੀ ਮੰਗ ਕੀਤੀ। ਜਿਵੇਂ ਹੀ ਸੇਲਜ਼ਮੈਨ ਨੇ ਸਾਮਾਨ ਦੇਣ ਲਈ ਠੇਕੇ ਦਾ ਗੇਟ ਖੋਲ੍ਹਿਆ, ਉਨ੍ਹਾਂ ਵਿਚੋਂ ਇਕ ਲੁਟੇਰਾ ਤੇਜ਼ੀ ਨਾਲ ਅੰਦਰ ਦਾਖਲ ਹੋ ਗਿਆ। ਦੋਸ਼ੀ ਨੇ ਤੁਰੰਤ ਰਿਵਾਲਵਰ ਕੱਢ ਕੇ ਸੇਲਜ਼ਮੈਨ ਦੀ ਕਨਪਟੀ ’ਤੇ ਤਾਣ ਦਿੱਤੀ ਅਤੇ ਪੈਸੇ ਹਵਾਲੇ ਕਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ 'ਚ 9ਵੀਂ ਜਮਾਤ ਦੀ ਵਿਦਿਆਰਥਣ 7 ਦਿਨਾਂ ਤੋਂ 'ਲਾਪਤਾ'! ਵੀਡੀਓ ਵੇਖ ਮਾਪਿਆਂ ਦੇ ਉੱਡੇ ਹੋਸ਼
ਪੀੜਤ ਰਾਜੇਸ਼ ਕੁਮਾਰ ਨੇ ਜਦੋਂ ਨਿਡਰਤਾ ਦਿਖਾਉਂਦੇ ਹੋਏ ਅਪਰਾਧੀਆਂ ਦਾ ਵਿਰੋਧ ਕਰਨ ਦਾ ਯਤਨ ਕੀਤਾ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਬੌਖਲਾਏ ਲੁਟੇਰਿਆਂ ਨੇ ਕੋਲ ਹੀ ਰੱਖੀ ਬੀਅਰ ਦੀ ਬੋਤਲ ਚੁੱਕ ਕੇ ਸਿੱਧੀ ਉਸ ਦੇ ਸਿਰ ’ਚ ਮਾਰ ਦਿੱਤੀ। ਘਾਤਕ ਹਮਲੇ ਕਾਰਨ ਸੇਲਜ਼ਮੈਨ ਖੂਨ ਨਾਲ ਲਥਪਥ ਹੋ ਕੇ ਉੱਥੇ ਹੀ ਡਿੱਗ ਪਿਆ। ਇਸ ਤੋਂ ਬਾਅਦ ਅਪਰਾਧੀਆਂ ਨੇ ਠੇਕੇ ਦੇ ਅੰਦਰ ਰੱਖਿਆ ਗੱਲਾ (ਕੈਸ਼ ਬਾਕਸ), ਜਿਸ ਵਿਚ ਲਗਭਗ 5000 ਤੋਂ 6000 ਰੁਪਏ ਦੀ ਨਕਦੀ ਮੌਜੂਦ ਸੀ ਅਤੇ ਉਸ ਦਾ ਮੋਬਾਈਲ ਫੋਨ ਚੁੱਕ ਲਿਆ। ਭੱਜਦੇ-ਭੱਜਦੇ ਲੁਟੇਰਿਆਂ ਨੇ ਠੇਕੇ ’ਚ ਜੰਮ ਕੇ ਭੰਨ-ਤੋੜ ਵੀ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਤੇਜ਼ ਰਫ਼ਤਾਰ ਨਾਲ ਮੌਲੀ ਪਿੰਡ ਵੱਲ ਭੱਜ ਨਿਕਲੇ। ਘਟਨਾ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਠੇਕਾ ਇੰਚਾਰਜ ਸੁਰਜੀਤ ਕੁਮਾਰ ਦੀ ਮਦਦ ਨਾਲ ਗੰਭੀਰ ਰੂਪ ’ਚ ਜ਼ਖਮੀ ਸੇਲਜ਼ਮੈਨ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਸ ਦੀ ਟੀਮ ਦਲ-ਬਲ ਸਮੇਤ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਨਿਰੀਖਣ ਕਰਕੇ ਸਬੂਤ ਇਕੱਠੇ ਕੀਤੇ। ਪੁਲਸ ਆਸ-ਪਾਸ ਦੇ ਮੁੱਖ ਮਾਰਗਾਂ ਅਤੇ ਦੁਕਾਨਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਇਕ ਸੀ. ਸੀ. ਟੀ. ਵੀ. ਫੁਟੇਜ ਵਿਚ ਇੱਕ ਸ਼ੱਕੀ ਬਾਈਕ ’ਤੇ ਦੋ ਨੌਜਵਾਨ ਤੇਜ਼ੀ ਨਾਲ ਜਾਂਦੇ ਹੋਏ ਦਿਖਾਈ ਦਿੱਤੇ ਹਨ, ਜਿਸ ਦੇ ਆਧਾਰ ’ਤੇ ਪੁਲਸ ਲੁਟੇਰਿਆਂ ਦੀ ਪਛਾਣ ਕਰਨ ’ਚ ਜੁਟੀ ਹੋਈ ਹੈ। ਸਥਾਨਕ ਨਿਵਾਸੀਆਂ ਵਿਚ ਦਿਨ-ਦਿਹਾੜੇ ਹੋਈ ਇਸ ਹਿੰਸਕ ਵਾਰਦਾਤ ਨੂੰ ਲੈ ਕੇ ਭਾਰੀ ਦਹਿਸ਼ਤ ਅਤੇ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਪੁਲਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
