ਪੰਜਾਬੀਆਂ ਨੇ ਵਿਖਾਉਣੀ ਸ਼ੁਰੂ ਕੀਤੀ ਫ਼ਰਾਖਦਿਲੀ, ਵੰਡੇ ਮੁਫ਼ਤ ਮਾਸਕ
Tuesday, Mar 24, 2020 - 06:16 PM (IST)
ਸਮਰਾਲਾ (ਗਰਗ, ਬੰਗੜ) : ਇਕ ਪਾਸੇ ਜਿਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਵਿਚ ਆਪੋ-ਧਾਪ ਮਚੀ ਹੋਈ ਹੈ ਅਤੇ ਲੋਕ ਮਾਸਕ, ਸੈਨੀਟਾਈਜ਼ਰ, ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਟੁੱਟ ਕੇ ਪੈ ਰਹੇ ਹਨ। ਉੱਥੇ ਹੀ ਦੂਜੇ ਪਾਸੇ ਇਕ ਵਾਰ ਫਿਰ ਪੰਜਾਬੀਆਂ ਨੇ ਆਪਣਾ ਵੱਡਾ ਦਿਲ ਵਿਖਾਉਂਦੇ ਹੋਏ ਮੁਸੀਬਤ ਦੀ ਇਸ ਘੜੀ ਵਿਚ ਏਕਤਾ ਦਾ ਸਬੂਤ ਦਿੰਦੇ ਹੋਏ ਲੋੜਵੰਦਾਂ ਨੂੰ ਮੁਫ਼ਤ ਵਿਚ ਮਾਸਕ, ਸੈਨੀਟਾਈਜ਼ਰ ਅਤੇ ਰਾਸ਼ਨ ਵੰਡਣਾ ਸ਼ੁਰੂ ਕਰ ਦਿੱਤਾ ਹੈ। ਕਈ ਪਿੰਡਾਂ ਵਿਚ ਤਾਂ ਕਰਫਿਊ ਕਾਰਣ ਘਰਾਂ ਵਿਚ ਡੱਕੇ ਬੈਠੇ ਗਰੀਬ-ਗੁਰਬੇ ਤੇ ਦਿਹਾੜੀਦਾਰਾਂ ਦੇ ਪਰਿਵਾਰਾਂ ਨੂੰ ਲੰਗਰ ਦੇ ਰੂਪ ਵਿਚ ਭੋਜਨ ਤਿਆਰ ਕਰ ਕੇ ਘਰੋਂ-ਘਰੀ ਭੇਜਿਆ ਜਾਣ ਲੱਗਾ ਹੈ।
ਇਸੇ ਤਰ੍ਹਾਂ ਅੱਜ ਨਜ਼ਦੀਕੀ ਪਿੰਡ ਘੁੰਘਰਾਲੀ ਸਿੱਖਾਂ ਵਿਖੇ ਵੀ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰ ਲੋਕਾਂ ਵੱਲੋਂ ਸਾਰੇ ਘਰਾਂ ਨੂੰ ਮੁਫ਼ਤ ਵਿਚ ਮਾਸਕ ਵੰਡੇ ਗਏ ਅਤੇ ਪਿੰਡ ਵਾਸੀਆਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਗਿਆ ਕਿ ਮੁਸੀਬਤ ਦੇ ਇਸ ਸਮੇਂ ਵਿਚ ਸਮੁੱਚਾ ਪਿੰਡ ਇਕ-ਦੂਜੇ ਦੇ ਨਾਲ ਖੜ੍ਹਾ ਹੈ ਅਤੇ ਕਿਸੇ ਪਿੰਡ ਵਾਸੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅੱਜ ਬਹੁਤ ਸਾਰੇ ਹੋਰ ਪਿੰਡਾਂ ਵਿਚ ਵੀ ਲੋੜਵੰਦਾਂ ਨੂੰ ਜ਼ਰੂਰਤ ਦਾ ਸਾਮਾਨ ਅਤੇ ਮਾਸਕ ਵੰਡੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।