ਸ਼ਹੀਦ ਆਰਟ ਗੈਲਰੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਦੀ ਯਾਦ ਦਿਵਾਉਂਦੀ ਹੈ : ਸ਼੍ਰੀ ਵਿਜੇ ਚੋਪੜਾ
Monday, Jun 12, 2017 - 10:51 AM (IST)
ਬਟਾਲਾ, (ਬੇਰੀ, ਵਿਪਨ) - ਮਹਾਸ਼ਾ ਗੋਕੁਲ ਜੀ ਦੀ ਪ੍ਰੇਰਨਾ ਨਾਲ ਬਣੀ ਸ਼ਹੀਦ ਆਰਟ ਗੈਲਰੀ ਅੱਜ ਦੇ ਸਮੇਂ 'ਚ ਲੋਕਾਂ ਨੂੰ ਜੰਗ-ਏ-ਆਜ਼ਾਦੀ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਦਿਵਾਉਂਦੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਨੂੰ ਦੇਖ ਕੇ ਸਬਕ ਲੈਣ ਦੀ ਲੋੜ ਹੈ ਕਿ ਸਾਨੂੰ ਜੋ ਆਜ਼ਾਦੀ ਮਿਲੀ ਹੈ, ਉਹ ਇਨ੍ਹਾਂ ਸਾਰਿਆਂ ਦੇ ਖੂਨ ਨਾਲ ਸਿੰਜੀ ਹੋਈ ਹੈ। ਇਹ ਵਿਚਾਰ ਐਤਵਾਰ ਦੈਨਿਕ ਪ੍ਰਾਰਥਨਾ ਸਭਾ ਵੱਲੋਂ ਸਥਾਨਕ ਸਤੀ ਲਕਸ਼ਮੀ ਦੇਵੀ ਸਮਾਧ ਪਾਰਕ ਵਿਖੇ ਬਣਾਈ ਗਈ ਸ਼ਹੀਦ ਆਰਟ ਗੈਲਰੀ ਨੂੰ ਵਿਸ਼ੇਸ਼ ਤੌਰ 'ਤੇ ਦੇਖਣ ਪਹੁੰਚੇ 'ਪੰਜਾਬ ਕੇਸਰੀ ਗਰੁੱਪ' ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਉਥੇ ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਉਹ ਮਹਾਸ਼ਾ ਗੋਕੁਲ ਚੰਦ ਜੀ ਤੋਂ ਬੇਹੱਦ ਪ੍ਰੇਰਿਤ ਹਨ ਕਿਉਂਕਿ ਜਦੋਂ ਉਹ ਵ੍ਰਿੰਦਾਵਨ ਵਿਚ ਉਨ੍ਹਾਂ ਨੂੰ ਮਿਲੇ ਸਨ ਤਾਂ ਉਨ੍ਹਾਂ ਵੱਲੋਂ ਕੀਤੇ ਕੰਮਾਂ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ ਅਤੇ ਉਥੇ ਉਨ੍ਹਾਂ ਨੂੰ ਇਕ ਨਵੀਂ ਦਿਸ਼ਾ ਮਿਲੀ ਸੀ। ਉਨ੍ਹਾਂ ਕਿਹਾ ਕਿ ਮਹਾਸ਼ਾ ਗੋਕੁਲ ਚੰਦ ਜੀ ਆਪਣੇ-ਆਪ 'ਚ ਇਕ ਸੰਪੂਰਨ ਸੰਸਥਾ ਹੈ। ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਨੂੰ ਇਕੱਠਾ ਕਰਨਾ ਸ਼ਲਾਘਾਯੋਗ ਕੰਮ ਹੈ। ਖੂਨ ਨਾਲ ਬਣੀਆਂ ਤਸਵੀਰਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਆਰਟ ਦਾ ਇਕ ਬੇਹੱਦ ਖੂਬਸੂਰਤ ਨਮੂਨਾ ਹੈ।
ਇਸ ਮੌਕੇ ਅਸ਼ੋਕ ਅਗਰਵਾਲ ਡੀਲਕਸ ਸਪੋਰਟਸ ਵਾਲਿਆਂ ਨੇ ਕਿਹਾ ਕਿ ਪੰਜਾਬ ਕੇਸਰੀ ਸਮੂਹ ਇਕ ਅਜਿਹਾ ਮੰਚ ਹੈ, ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇਕ ਹੀ ਮੰਚ 'ਤੇ ਆਉਂਦੇ ਹਨ ਅਤੇ ਇਸ ਮੰਚ ਦੀ ਵਿਚਾਰਧਾਰਾ ਨਾਲ ਕੰਮ ਕਰਦੇ ਹਨ।
ਇਸ ਦੌਰਾਨ ਜੇ. ਐੱਨ. ਸ਼ਰਮਾ, ਅਸ਼ੋਕ ਅਗਰਵਾਲ, ਸ਼ਕਤੀ ਕੁਮਾਰ ਖੁੱਲ੍ਹਰ, ਤਿਲਕ ਰਾਜ ਕਪੂਰ, ਮਨਮੋਹਨ ਕਪੂਰ, ਲਾਹੌਰੀ ਮੱਲ ਗੈਂਦ, ਕੇ. ਐੱਲ. ਗੁਪਤਾ, ਪੰ. ਰਾਜੇਸ਼ ਸ਼ਰਮਾ ਸ਼੍ਰੀ ਬ੍ਰਾਹਮਣ ਸਭਾ ਬਟਾਲਾ, ਸੋਹਣ ਲਾਲ ਪ੍ਰਭਾਕਰ, ਰਮੇਸ਼ ਤ੍ਰੇਹਨ, ਕੇ. ਐੱਲ. ਸੋਨੀ, ਪਵਨ ਗੋਇਲ, ਬੀ. ਆਰ. ਸ਼ਰਮਾ, ਅਸ਼ੋਕ ਕਪੂਰ, ਰਵਿੰਦਰ ਕੁਮਾਰ, ਰਤਨ ਲਾਲ ਆਦਿ ਮੌਜੂਦ ਸਨ।
