4 ਸਾਲ ਪਹਿਲਾਂ ਹੋਇਆ ਸੀ ਵਿਆਹ, ਸਹੁਰਿਆਂ ਤੋਂ ਦੁਖੀ ਵਿਆਹੁਤਾ ਨੇ ਗਲੇ ਲਾਈ ਮੌਤ

Friday, Dec 22, 2023 - 03:23 PM (IST)

ਮਹਿਲ ਕਲਾਂ (ਹਮੀਦੀ, ਸਿੰਗਲਾ) : ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਗੁਰਮ ਵਿਖੇ ਇਕ ਵਿਆਹੁਤਾ ਵੱਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਪਰਮਿੰਦਰ ਕੌਰ ਪਤਨੀ ਜਗਦੇਵ ਸਿੰਘ ਵਾਸੀ ਸੁਹਾਬਣਾ, ਜ਼ਿਲ੍ਹਾ ਲੁਧਿਆਣਾ ਨੇ ਬਿਆਨ ਦਰਜ ਕਰਵਾਏ ਹਨ ਕਿ ਮੇਰੀ ਧੀ ਅਰਸ਼ਦੀਪ ਕੌਰ ਦਾ ਵਿਆਹ 6 ਅਕਤੂਬਰ, 2019 ਨੂੰ ਗੁਰਜੰਟ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਗੁਰਮ, ਜ਼ਿਲ੍ਹਾ ਬਰਨਾਲਾ ਨਾਲ ਹੋਇਆ ਸੀ। ਧੀ ਅਰਸ਼ਦੀਪ ਕੌਰ ਦਾ ਸਹੁਰਾ ਪਰਿਵਾਰ ਉਸ ਨੂੰ ਕਥਿਤ ਤੌਰ ’ਤੇ ਦਾਜ ਲਈ ਤੰਗ-ਪਰੇਸ਼ਾਨ ਕਰਦਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਖੁੱਲ੍ਹਣਗੇ

ਅਰਸ਼ਦੀਪ ਕੌਰ ਅਤੇ ਗੁਰਜੰਟ ਸਿੰਘ ਦੀ ਢਾਈ ਸਾਲ ਦੀ ਧੀ ਅਸਮੀਤ ਕੌਰ ਹੈ। ਪਹਿਲਾਂ ਵੀ ਦੋਹਾਂ ਦਾ ਕਲੇਸ਼ ਚੱਲ ਰਿਹਾ ਸੀ, ਜਿਸ ਦਾ ਪੂਰਾ ਮਾਮਲਾ ਵੂਮੈੱਨ ਸੈੱਲ ’ਚ ਜਾਣ ਤੋਂ ਬਾਅਦ ਰਾਜ਼ੀਨਾਮਾ ਹੋ ਕੇ ਅਰਸ਼ਦੀਪ ਕੌਰ ਆਪਣੇ ਸਹੁਰੇ ਘਰ ਗੁਰਮ ਚਲੀ ਗਈ ਸੀ। ਉਸਦਾ ਸਹੁਰਾ ਪਰਿਵਾਰ ਅਰਸ਼ਦੀਪ ਕੌਰ ਨੂੰ ਤੰਗ-ਪਰੇਸ਼ਾਨ ਕਰਦਾ ਸੀ ਅਤੇ ਦਾਜ ਦੀ ਮੰਗ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਉਸਨੇ ਫ਼ਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਐੱਸ. ਐੱਚ. ਓ. ਬਲਦੇਵ ਮਾਨ ਨੇ ਦੱਸਿਆ ਕਿ ਪਰਮਿੰਦਰ ਕੌਰ ਦੇ ਬਿਆਨਾਂ ’ਤੇ ਧੀ ਦੇ ਪਤੀ ਗੁਰਜੰਟ ਸਿੰਘ, ਸਹੁਰਾ ਮੇਜਰ ਸਿੰਘ ਅਤੇ ਸੱਸ ਮਨਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਕਰਜ਼ਾ ਲੈਣ ਦੀ ਹੱਦ 'ਤੇ ਕੇਂਦਰ ਨੇ ਕੀਤੀ ਕਟੌਤੀ, ਪੜ੍ਹੋ ਕੀ ਹੈ ਪੂਰਾ ਮਾਮਲਾ

ਦੂਜੇ ਪਾਸੇ ਅਰਸ਼ਦੀਪ ਕੌਰ ਦੇ ਸਹੁਰਾ ਮੇਜਰ ਸਿੰਘ ਵਾਸੀ ਗੁਰਮ ਨੇ ਦੱਸਿਆ ਕਿ 20.12.2023 ਨੂੰ ਗੁਆਂਢ ’ਚ ਭੋਗ ਸੀ। ਘਰ ’ਚ ਰੰਗ ਵਾਲੇ ਕਾਮੇ ਕੰਮ ਕਰ ਰਹੇ ਸਨ। ਜਦੋਂ 2.30 ਵਜੇ ਦੁਪਹਿਰ ਘਰ ਆਏ ਤਾਂ ਅਰਸ਼ਦੀਪ ਕਮਰੇ ’ਚ ਸੀ ਤੇ ਗੁਰਜੰਟ ਸਿੰਘ ਬਾਹਰ ਕੰਮ ਕਰ ਰਿਹਾ ਸੀ। ਜਦੋਂ ਕਮਰਾ ਖੋਲ੍ਹ ਕੇ ਦੇਖਿਆ ਤਾਂ ਉਸਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਦਾ ਪਤਾ ਲੱਗਦਿਆਂ ਹੀ ਅਸੀਂ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੂੰ ਬੁਲਾਇਆ। ਉਨ੍ਹਾਂ ਕਿਹਾ ਕਿ ਸਾਡੇ ’ਤੇ ਲਾਏ ਜਾ ਰਹੇ ਦਾਜ ਦੇ ਦੋਸ਼ਾਂ ’ਚ ਕੋਈ ਸੱਚਾਈ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਪੇਕੇ ਪਰਿਵਾਰ ਨਾਲ ਹਰ ਗੱਲ ਕਰਨ ਨੂੰ ਤਿਆਰ ਹਾਂ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News