ਸਹੁਰਿਆਂ ਤੋਂ ਤੰਗ 2 ਮਾਸੂਮ ਬੱਚੀਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵੱਲੋਂ ਮਾਮਲਾ ਦਰਜ

Wednesday, May 19, 2021 - 04:17 PM (IST)

ਸਹੁਰਿਆਂ ਤੋਂ ਤੰਗ 2 ਮਾਸੂਮ ਬੱਚੀਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵੱਲੋਂ ਮਾਮਲਾ ਦਰਜ

ਬਨੂੜ (ਗੁਰਪਾਲ) : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜਾਂਸਲਾ ਵਿਚ 2 ਛੋਟੀਆਂ ਬੱਚੀਆਂ ਦੀ ਮਾਂ ਨੇ ਸਹੁਰੇ ਪਰਿਵਾਰ ਦੀਆਂ ਵਧੀਕੀਆਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਮਹਿੰਦਰ ਸਿੰਘ ਧੋਨੀ ਨੇ ਦੱਸਿਆ ਕਿ ਗੁਰਬਚਨ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਖੇੜੀ ਗੁਰਨਾ ਥਾਣਾ ਸ਼ੰਭੂ, ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਭੈਣ ਨੀਲਮ ਰਾਣੀ (28) ਦਾ ਵਿਆਹ 2014 ਵਿਚ ਪਿੰਡ ਜਾਂਸਲਾ ਦੇ ਗੁਰਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਅਜਮੇਰ ਸਿੰਘ ਨਾਲ ਹੋਇਆ ਸੀ।

ਇਸ ਉਪਰੰਤ ਉਸ ਦੀ ਭੈਣ ਨੇ 2 ਛੋਟੀਆਂ ਬੱਚੀਆਂ ਨੂੰ ਜਨਮ ਦਿੱਤਾ। ਉਸ ਦਾ ਪਤੀ ਟਰੱਕ ਡਰਾਈਵਰ ਸੀ, ਜੋ ਕਿ ਅਕਸਰ ਦਾਰੂ ਪੀ ਕੇ ਆਪਣੀ ਭਰਜਾਈ ਸਰਬਜੀਤ ਕੌਰ ਦੀ ਸ਼ਹਿ ’ਤੇ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕਈ ਵਾਰ ਪਰਿਵਾਰਕ ਮੈਂਬਰਾਂ ਤੇ ਪੰਚਾਇਤਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਉਸ ਨੇ ਨੀਲਮ ਰਾਣੀ ਨੂੰ ਤੰਗ-ਪਰੇਸ਼ਾਨ ਕਰਨਾ ਜਾਰੀ ਰੱਖਿਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਸ ਦੀ ਭੈਣ ਦੇ ਸਹੁਰੇ ਅਜਮੇਰ ਸਿੰਘ ਦਾ ਫ਼ੋਨ ਆਇਆ ਕਿ ਉਸ ਦੀ ਭੈਣ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।

ਸੂਚਨਾ ਉਪਰੰਤ ਉਹ ਪਰਿਵਾਰ ਸਮੇਤ ਪਿੰਡ ਜਾਂਸਲਾ ਵਿਖੇ ਪਹੁੰਚੇ, ਜਿੱਥੇ ਦੇਖਿਆ ਕਿ ਉਸ ਦੀ ਭੈਣ ਦੀ ਲਾਸ਼ ਬੈੱਡ ’ਤੇ ਪਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਥਾਣਾ ਬਨੂੜ ਦੀ ਪੁਲਸ ਨੂੰ ਸੂਚਿਤ ਕੀਤਾ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਥਾਣਾ ਮੁਖੀ ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਮ੍ਰਿਤਕ ਵਿਆਹੁਤਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ ਗੁਰਵਿੰਦਰ ਸਿੰਘ ਤੇ ਜਠਾਣੀ ਸਰਬਜੀਤ ਦੇ ਖ਼ਿਲਾਫ਼ ਧਾਰਾ-306 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News