ਵਿਆਹੁਤਾ ਔਰਤ 'ਤੇ ਆਪਣੇ ਪ੍ਰੇਮੀ ਦਾ ਕਤਲ ਕਰ ਕੇ ਲਾਸ਼ ਬਿਆਸ ਦਰਿਆ 'ਚ ਸੁੱਟਣ ਦਾ ਸ਼ੱਕ!
Monday, Feb 24, 2020 - 02:21 PM (IST)
ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਦੀ ਇਕ ਵਿਆਹੁਤਾ ਔਰਤ ਵਲੋਂ ਆਪਣੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰਦੇ ਹੋਏ ਉਸ ਦੀ ਲਾਸ਼ ਨੂੰ ਬਿਆਸ ਦਰਿਆ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪਿਛਲੇ ਪੰਜ ਦਿਨਾਂ ਤੋਂ ਜਾਂਚ 'ਚ ਲੱਗੀ ਪੁਲਸ ਟੀਮ ਵਲੋਂ ਵਿਆਹੁਤਾ ਅਤੇ ਉਸ ਦੇ ਇਕ ਭਰਾ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਸਿੰਘਪੁਰਾ ਦੇ ਸਤਨਾਮ ਸਿੰਘ ਦੀ ਇਸੇ ਪਿੰਡ 'ਚ ਵਿਆਹੀ ਔਰਤ ਕੁਲਜੀਤ ਕੌਰ ਨਾਲ ਪਹਿਲਾਂ ਦੋਸਤੀ ਹੋਈ ਅਤੇ ਬਾਅਦ 'ਚ ਇਹ ਸਬੰਧ ਹੋਰ ਡੂੰਘੇ ਹੋ ਗਏ। ਇਹ ਗੱਲ ਜਦੋਂ ਪਿੰਡ 'ਚ ਫੈਲ ਗਈ ਤਾਂ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਵਿਆਹੁਤਾ ਤੋਂ ਪਿੱਛਾ ਛੁਡਾਉਣ ਲਈ ਦਬਾਅ ਬਣਾਇਆ ਗਿਆ। ਪਰ ਕੁਲਜੀਤ ਕੌਰ ਸਤਨਾਮ ਸਿੰਘ ਨੂੰ ਛੱਡਣ ਲਈ ਤਿਆਰ ਨਹੀਂ ਸੀ।
ਕਰੀਬ ਇਕ ਹਫਤਾ ਪਹਿਲਾਂ ਸਤਨਾਮ ਸਿੰਘ ਆਪਣੇ ਘਰੋਂ ਕਿਸੇ ਕੰਮ ਲਈ ਗਿਆ ਪਰ ਵਾਪਸ ਨਹੀਂ ਪਰਤਿਆ, ਜਿਸ ਤੋਂ ਪ੍ਰੇਸ਼ਾਨ ਪਰਿਵਾਰਕ ਮੈਂਬਰਾਂ ਨੇ ਥਾਣਾ ਭਿੱਖੀਵਿੰਡ ਵਿਖੇ ਗੁੰਮਸ਼ੁਦਗੀ ਦੀ ਦਰਖਾਸਤ ਦਿੱਤੀ। ਇਸ ਦੌਰਾਨ ਪੁਲਸ ਨੇ ਸਤਨਾਮ ਸਿੰਘ ਦੇ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਦੇ ਹੋਏ ਭਾਲ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦ ਪੁਲਸ ਨੇ ਸਤਨਾਮ ਸਿੰਘ ਦੇ ਮੋਬਾਇਲ ਦੀ ਲੋਕੇਸ਼ਨ ਟ੍ਰੇਸ ਕੀਤੀ ਤਾਂ ਉਹ ਪਿੰਡ ਬ੍ਰਹਮਪੁਰਾ ਦੇ ਆਸ-ਪਾਸ ਇਲਾਕੇ ਦੀ ਸੀ। ਪੁਲਸ ਵਲੋਂ ਇਸ ਸਬੰਧੀ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਲਜੀਤ ਕੌਰ ਅਤੇ ਸਤਨਾਮ ਸਿੰਘ ਦੇ ਮੋਬਾਇਲਾਂ ਦੀਆਂ ਲੋਕੇਸ਼ਨਾਂ ਇਕੋ ਥਾਂ ਪਿੰਡ ਬ੍ਰਹਮਪੁਰਾ ਦੀਆਂ ਹੋਣ ਕਾਰਣ ਦਾਲ 'ਚ ਕੁਝ ਕਾਲਾ ਹੋਣ ਦੇ ਸੰਕੇਤ ਤੋਂ ਬਾਅਦ ਜਾਂਚ ਨੂੰ ਹੋਰ ਗੰਭੀਰਤਾ ਨਾਲ ਅੱਗੇ ਵਧਾਇਆ ਗਿਆ। ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਇਸ ਕੇਸ ਨੂੰ ਸੁਲਝਾਉਣ ਤਹਿਤ ਪਿੰਡ ਬ੍ਰਹਮਪੁਰਾ ਵਿਖੇ ਇਕ ਘਰ 'ਚ ਦਸਤਕ ਦਿੰਦੇ ਹੋਏ ਕੁੱਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਜਦਕਿ ਸਤਨਾਮ ਸਿੰਘ ਦੀ ਭਾਲ ਸਬੰਧੀ ਸ਼ੱਕ ਦੇ ਆਧਾਰ 'ਤੇ ਦਰਿਆ ਬਿਆਸ ਦੇ ਆਸ-ਪਾਸ ਸਰਚ ਅਭਿਆਨ ਵੀ ਚਲਾਇਆ ਗਿਆ ਹੈ।
ਪੁਲਸ ਨੂੰ ਸ਼ੱਕ ਹੈ ਕਿ ਕੁਲਜੀਤ ਕੌਰ ਨੇ ਸਤਨਾਮ ਸਿੰਘ ਦਾ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ, ਜਿਸ ਸਬੰਧੀ ਪੁਲਸ ਕਈ ਥਾਵਾਂ 'ਤੇ ਪਿਛਲੇ ਕੁੱਝ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਲਜੀਤ ਕੌਰ, ਜਿਸ ਦੇ ਮੁੰਡਾਪਿੰਡ ਵਿਖੇ ਪੇਕੇ ਹਨ, ਨੂੰ ਉਸ ਦੇ ਇਕ ਵੱਡੇ ਭਰਾ ਸਮੇਤ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਸੋਨਮਦੀਪ ਕੌਰ ਦੀ ਅਗਵਾਈ ਹੇਠ ਪੁਲਸ ਹਿਰਾਸਤ 'ਚ ਲੈ ਲਿਆ ਗਿਆ ਹੈ। ਜਦ ਕਿ ਉਸ ਦੇ ਬਾਕੀ ਤਿੰਨ ਭਰਾ ਘਰੋਂ ਫਰਾਰ ਦੱਸੇ ਜਾ ਰਹੇ ਹਨ। ਇਸ ਦੌਰਾਨ ਸਤਨਾਮ ਸਿੰਘ ਦੇ ਪਰਿਵਾਰ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਕੁਲਜੀਤ ਕੌਰ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਸਤਨਾਮ ਸਿੰਘ ਦਾ ਕਤਲ ਕਰ ਕੇ ਲਾਸ਼ ਨੂੰ ਬਿਆਸ ਦਰਿਆ 'ਚ ਸੁੱਟ ਦਿੱਤਾ ਹੈ। ਉੱਧਰ ਇਸ ਸਬੰਧੀ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਰਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਫਿਲਹਾਲ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਹੇਠ ਥਾਣਾ ਚੋਹਲਾ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ।