25 ਸਾਲਾ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਫੌਜ ’ਚ ਤਾਇਨਾਤ ਲਾਸ ਨਾਇਕ ਪਤੀ ’ਤੇ ਮਾਮਲਾ ਦਰਜ

Tuesday, Dec 05, 2023 - 05:50 PM (IST)

25 ਸਾਲਾ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਫੌਜ ’ਚ ਤਾਇਨਾਤ ਲਾਸ ਨਾਇਕ ਪਤੀ ’ਤੇ ਮਾਮਲਾ ਦਰਜ

ਫਿਰੋਜ਼ਪੁਰ (ਕੁਮਾਰ) : 25 ਸਾਲਾ ਵਿਆਹੁਤਾ ਪ੍ਰਿਅੰਕਾ ਵੱਲੋਂ ਗਲੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਥਾਣਾ ਫਿਰੋਜ਼ਪੁਰ ਕੈਂਟ ਦੀ ਪੁਲਸ ਨੇ ਉਸਦੇ ਫੋਜ ਵਿਚ ਬਤੌਰ ਲਾਂਸ ਨਾਇਕ ਨੌਕਰੀ ਕਰਦੇ ਪਤੀ ਰਾਹੁਲ ਸਿੰਘ ਪੁੱਤਰ ਇੰਦਰੇਸ਼ ਸਿੰਘ ਵਾਸੀ ਪਿੰਡ ਪ੍ਰੀਤਪੁਰਾ, ਜ਼ਿਲ੍ਹਾ ਆਗਰਾ (ਉੱਤਰ ਪ੍ਰਦੇਸ਼) ਖ਼ਿਲਾਫ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਰੋਜ਼ਪੁਰ ਕੈਂਟ ਦੇ ਏ.ਐੱਸ.ਆਈ ਰਮਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੁਧੀਰ ਪੁੱਤਰ ਸੁਭਾਸ਼ ਵਾਸੀ ਪਿੰਡ ਸੰਟਸੈਣਾ ਜ਼ਿਲ੍ਹਾ ਫਿਰੋਜ਼ਾਬਾਦ (ਉੱਤਰ ਪ੍ਰਦੇਸ਼) ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਭੈਣ ਪ੍ਰਿਅੰਕਾ ਦਾ ਵਿਆਹ ਰਾਹੁਲ ਸਿੰਘ ਨਾਲ 6 ਮਾਰਚ 2023 ਨੂੰ ਹੋਇਆ ਸੀ ਅਤੇ ਰਾਹੁਲ ਸਿੰਘ ਭਾਰਤੀ ਫੌਜ ਵਿਚ ਫਿਰੋਜ਼ਪੁਰ ਵਿਖੇ ਬਤੌਰ ਲਾਂਸ ਨਾਇਕ ਵਜੋਂ ਤਾਇਨਾਤ ਹੈ ਅਤੇ ਆਪਣੇ ਪਰਿਵਾਰ ਨਾਲ ਸਰਕਾਰੀ ਕੁਆਰਟਰ ਵਿਚ ਰਹਿ ਰਿਹਾ ਹੈ।

ਸ਼ਿਕਾਇਤਕਰਤਾ ਅਨੁਸਾਰ 3 ਦਸੰਬਰ 2023 ਨੂੰ ਉਸ ਨੂੰ ਉਸ ਦੇ ਜੀਜਾ ਰਾਹੁਲ ਸਿੰਘ ਦੇ ਪਿਤਾ ਦਾ ਫੋਨ ਆਇਆ ਕਿ ਪ੍ਰਿਅੰਕਾ (ਸ਼ਿਕਾਇਤਕਰਤਾ ਦੀ ਭੈਣ) ਨੇ ਫਾਹਾ ਲੈ ਲਿਆ ਹੈ ਅਤੇ ਜਦੋਂ ਸ਼ਿਕਾਇਤਕਰਤਾ ਆਪਣੇ ਚਾਚੇ ਦੇ ਲੜਕੇ ਸੁਖਬੀਰ ਸਿੰਘ ਨਾਲ ਮਿਲਟਰੀ ਹਸਪਤਾਲ ਫਿਰੋਜ਼ਪੁਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਸਦੀ ਭੈਣ ਪ੍ਰਿਅੰਕਾ ਦੀ ਗਰਦਨ ’ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਦੀ ਭੈਣ ਨੂੰ ਉਸ ਦੇ ਪਤੀ ਰਾਹੁਲ ਸਿੰਘ ਨੇ ਤੰਗ-ਪ੍ਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜਬੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News