ਕੈਨੇਡਾ ਦੇ ਸੁਪਨੇ ਦਿਖਾ ਕੇ ਸ਼ਾਤਰ ਮਾਸੀ ਤੇ ਮਾਮੇ ਨੇ ਹੀ ਚੱਲੀ ਚਾਲ, ਬਰਬਾਦ ਕੀਤੀ ਫੁੱਲਾਂ ਵਰਗੀ ਭਾਣਜੀ ਦੀ ਜ਼ਿੰਦਗੀ
Thursday, Jul 13, 2017 - 05:13 PM (IST)

ਮੋਗਾ (ਅਜ਼ਾਦ)— ਮੋਗਾ ਜ਼ਿਲੇ ਦੇ ਪਿੰਡ ਬੁੱਕਣ ਵਾਲਾ ਨਿਵਾਸੀ ਬਲਵੀਰ ਕੌਰ ਨੇ ਆਪਣੀ ਸਕੀ ਮਾਸੀ ਅਤੇ ਮਾਮੇ ਤੇ ਉਸ ਨੂੰ ਵਿਆਹ ਕਰਵਾ ਕੇ ਪੱਕੇ ਤੌਰ ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਪੁਲਸ ਵਲੋਂ 16 ਸਾਲ ਬਾਅਦ ਕੀਤੀ ਗਈ ਜਾਂਚ ਦੇ ਬਾਅਦ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਤਲਾਸ਼ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ......
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਮੇਰਾ ਵਿਆਹ 16 ਮਾਰਚ 2001 ਨੂੰ ਲਖਵਿੰਦਰ ਸਿੰਘ ਨਿਵਾਸੀ ਤਲਵੰਡੀ ਭਾਈ ਹਾਲ ਅਬਾਦ ਕੈਨੇਡਾ ਦੇ ਨਾਲ ਸਾਡੇ ਪਿੰਡ ਬੁੱਕਣ ਵਾਲਾ 'ਚ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਹੋਇਆ ਸੀ। ਉਕਤ ਵਿਆਹ ਮੇਰੀ ਸਕੀ ਮਾਸੀ ਹਰਜਿੰਦਰ ਕੌਰ ਵਲੋਂ ਕਰਵਾਇਆ ਗਿਆ ਸੀ। ਵਿਆਹ ਸਮੇਂ ਮੇਰੀ ਮਾਸੀ ਨੇ ਸਾਨੂੰ ਕਿਹਾ ਕਿ 10 ਲੱਖ ਰੁਪਏ ਖਰਚਾ ਆਵੇਗਾ ਅਤੇ ਉਹ ਵਿਆਹ ਦੇ ਅਧਾਰ ਤੇ ਉਸ ਨੂੰ ਪੱਕੇ ਤੌਰ ਤੇ ਕੈਨੇਡਾ ਭੇਜ ਦੇਵੇਗੀ। ਜਿਸ 'ਤੇ ਅਸੀਂ ਵਿਸਵਾਸ ਕਰਕੇ ਉਸ ਨੂੰ ਹੌਲੀ-ਹੌਲੀ ਆਪਣੇ ਮਾਮਾ ਨਿਰਮਲ ਸਿੰਘ ਦੇ ਰਾਹੀਂ ਆਪਣੀ ਮਾਸੀ ਨੂੰ 10 ਲੱਖ ਰੁਪਏ ਦੇ ਦਿੱਤੇ। ਵਿਆਹ ਦੇ ਬਾਅਦ ਮੈਂ ਅਤੇ ਲਖਵਿੰਦਰ ਸਿੰਘ ਬਤੌਰ ਪਤੀ ਪਤਨੀ ਨਹੀਂ ਰਹੇ। ਮੈਨੂੰ ਕੈਨੇਡਾ ਪਹੁਚਾਉਣ ਦੀ ਜ਼ਿੰਮੇਵਾਰੀ ਮੇਰੀ ਮਾਸੀ ਹਰਜਿੰਦਰ ਕੌਰ ਨੇ ਲੈ ਲਈ ਸੀ। ਵਿਆਹ ਦੇ ਬਾਅਦ ਮੇਰੀ ਮਾਸੀ ਨੇ ਮੈਨੂੰ ਆਪਣੀ ਨਨਾਣ ਦੇ ਕੋਲ ਸਿੰਗਾਪੁਰ ਭੇਜ ਦਿੱਤਾ ਅਤੇ ਕਿਹਾ ਕਿ ਲਖਵਿੰਦਰ ਸਿੰਘ ਉਸ ਨੂੰ ਉਥੇ ਆ ਕੇ ਕੈਨੇਡਾ ਲੈ ਜਾਵੇਗਾ, ਪਰ ਉਹ ਨਹੀਂ ਆਇਆ। ਮੈਂ ਦੋ ਮਹੀਨੇ ਸਿੰਗਾਪੁਰ ਰਹੀ। ਮੇਰੀ ਮਾਸੀ ਦੀ ਨਨਾਣ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਆਪਣੇ ਕੰਮ ਦੇ ਲਈ ਬੁਲਾਇਆ ਸੀ ਅਤੇ ਵਾਪਸ ਇੰਡੀਆ ਭੇਜ ਦਿੱਤਾ। ਹੁਣ ਮੇਰੀ ਮਾਸੀ ਇੰਡੀਆ ਆਈ ਹੋਈ ਹੈ ਤਾਂ ਅਸੀਂ ਜਦੋਂ ਉਸ ਨਾਲ 18 ਮਈ ਨੂੰ ਗੱਲ ਕੀਤੀ ਤਾਂ ਉਸ ਨੇ ਮੈਨੂੰ ਕੈਨੇਡਾ ਲੈ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਸਾਡੇ ਨਾਲ ਧੋਖਾਦੇਹੀ ਕੀਤੀ ਹੈ ਅਤੇ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਅਤੇ ਮੈਨੂੰ ਨਾ ਹੀ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਡੀ. ਐਸ. ਪੀ ਨੂੰ ਦਿੱਤਾ ਸੀ ਸ਼ਿਕਾਇਤ ਪੱਤਰ.........
ਪੀੜਤਾ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਅਸੀਂ ਡੀ. ਐਸ. ਪੀ. ਸਿਟੀ ਮੋਗਾ ਨੂੰ ਵੀ ਸ਼ਿਕਾਇਤ ਪੱਤਰ ਦਿੱਤਾ ਸੀ। ਜਿਸ 'ਤੇ 24 ਮਈ 2017 ਨੂੰ ਮੇਰੇ ਬਿਆਨ ਦਰਜ ਕੀਤੇ ਅਤੇ ਕਿਹਾ ਕਿ ਅਸੀਂ ਕਥਿਤ ਦੋਸ਼ੀਆਂ ਦੇ ਪਾਸਪੋਰਟ ਜਬਤ ਕਰ ਲਏ ਹਨ ਅਤੇ ਉਨਾਂ ਦੀਆਂ ਟਿਕਟਾਂ ਵੀ ਕੈਂਸਲ ਕਰਵਾ ਦਿੱਤੀਆਂ ਹਨ ਅਤੇ ਉਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਕਥਿਤ ਦੋਸ਼ੀ ਵਿਦੇਸ਼ ਜਾਣ ਦੀਆਂ ਤਿਆਰੀ 'ਚ ਹਨ ਅਤੇ ਪੀੜਤਾ ਨੂੰ ਧਮਕੀਆਂ ਦੇ ਰਹੇ ਹਨ ਕਿ ਜੇਕਰ ਸ਼ਿਕਾਇਤ ਵਾਪਸ ਨਾ ਲਈ ਤਾਂ ਇਸ ਦਾ ਨਤੀਜਾ ਭੁਗਤਣਾ ਪਵੇਗਾ।
ਕੀ ਹੋਈ ਪੁਲਸ ਕਾਰਵਾਈ.....
ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ ਤੇ ਇਸ ਮਾਮਲੇ ਦੀ ਜਾਂਚ ਡੀ. ਐਸ. ਪੀ ਸਿਟੀ ਮੋਗਾ ਵਲੋਂ ਕੀਤੀ ਗਈ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਪੀੜਤਾ ਦੇ ਪਤੀ ਲਖਵਿੰਦਰ ਸਿੰਘ ਪੁੱੱਤਰ ਕੰਵਰਜੀਤ ਸਿੰਘ, ਉਸ ਦੀ ਮਾਤਾ ਪਰਵਿੰਦਰ ਕੌਰ ਨਿਵਾਸੀ ਤਲਵੰਡੀ ਭਾਈ ਹਾਲ ਅਬਾਦ ਕੈਨੇਡਾ, ਉਸ ਦੀ ਮਾਸੀ ਹਰਜਿੰਦਰ ਕੌਰ ਪਤੀ ਬਲਵਿੰਦਰ ਸਿੰਘ ਨਿਵਾਸੀ ਤਲਵੰਡੀ ਭਾਈ ਹਾਲ ਅਬਾਦ ਕੈਨੇਡਾ, ਮਾਮਾ ਨਿਰਮਲ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਢੁੱਡੀਕੇ ਦੇ ਖਿਲਾਫ ਥਾਣਾ ਸਦਰ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ।