ਸ਼ੱਕੀ ਹਾਲਾਤ ’ਚ ਹੋਈ ਵਿਆਹੁਤਾ ਦੀ ਮੌਤ ਦਾ ਕੁੱਝ ਹੋਰ ਹੀ ਨਿਕਲਿਆ ਸੱਚ, ਸਾਹਮਣੇ ਆਈ ਪਤੀ ਦੀ ਕਰਤੂਤ
Friday, Sep 03, 2021 - 09:43 PM (IST)
 
            
            ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸੇਖਾ ਰੋਡ ਗਲੀ ਨੰਬਰ 5 ਵਿਚ ਬੀਤੇ ਦਿਨੀਂ ਕੰਚਨ ਗਰਗ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ। ਇਹ ਮਾਮਲਾ ਦਾਜ ਲਈ ਕੀਤੇ ਗਏ ਕਤਲ ਦਾ ਨਿਕਲਿਆ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਦੇ ਪਤੀ ਨੇ ਹੀ ਉਸਦਾ ਕਤਲ ਗਲ ਘੁੱਟ ਕੇ ਕੀਤਾ ਹੈ। ਕਤਲ ਕਰਕੇ ਮਾਮਲੇ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਮਸਲਾ ਨਹੀਂ ਦੱਬ ਸਕਿਆ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦੇ ਹਸਪਤਾਲ ਪੁੱਜਣ ’ਤੇ ਜਦੋਂ ਪਰਿਵਾਰਿਕ ਮੈਂਬਰਾਂ ਨੇ ਕੁੜੀ ਦੇ ਗਲੇ ਉਪਰ ਨਿਸ਼ਾਨ ਦੇਖੇ ਤਾਂ ਉਨ੍ਹਾਂ ਨੂੰ ਮਾਮਲਾ ਕਤਲ ਦਾ ਲੱਗਿਆ ਅਤੇ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਏ।
ਇਹ ਵੀ ਪੜ੍ਹੋ : ਸੰਗਰੂਰ ’ਚ ਵੱਡੀ ਵਾਰਦਾਤ, ਪਤੀ ਨੇ ਕੁੱਟ-ਕੁੱਟ ਕਤਲ ਕੀਤੀ ਪਤਨੀ
ਸਾਨੂੰ ਤਾਂ ਪਰਿਵਾਰਿਕ ਮੈਂਬਰਾਂ ਨੇ ਘਟਨਾ ਦੀ ਸੂਚਨਾ ਵੀ ਨਹੀਂ ਦਿੱਤੀ
ਥਾਣਾ ਸਿਟੀ 2 ਵਿਚ ਮ੍ਰਿਤਕ ਵਿਆਹੁਤਾ ਕੰਚਨ ਦੀ ਮਾਤਾ ਬੀਰਾ ਗੁਪਤਾ ਨੇ ਦੱਸਿਆ ਕਿ ਸਾਨੂੰ ਤਾਂ ਪਰਿਵਾਰਕ ਮੈਂਬਰਾਂ ਵਲੋਂ ਘਟਨਾ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ। ਗੁਆਂਢ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਜਗਰਾਓਂ ’ਚ ਕਿਸੇ ਵਿਅਕਤੀ ਨੂੰ ਫੋਨ ਕੀਤਾ, ਉਸ ਵਿਅਕਤੀ ਨੇ ਸਾਨੂੰ ਸੂਚਨਾ ਦਿੱਤੀ ਕਿ ਤੁਹਾਡੀ ਕੁੜੀ ਦੀ ਹਾਲਤ ਗੰਭੀਰ ਹੈ, ਤੁਸੀਂ ਜਲਦੀ ਬਰਨਾਲਾ ਆ ਜਾਓ। ਅਸੀਂ ਜਦੋਂ ਬਰਨਾਲਾ ਪੁੱਜੇ ਤਾਂ ਸਾਨੂੰ ਕਿਹਾ ਕਿ ਕੁੜੀ ਦਾ ਬਲੱਡ ਪ੍ਰੈਸ਼ਰ ਲੋਅ ਹੋ ਗਿਆ ਸੀ। ਜਿਸ ਕਾਰਨ ਉਸਦੀ ਮੌਤ ਹੋ ਗਈ ਪਰ ਜਦੋਂ ਅਸੀਂ ਆਪਣੀ ਧੀ ਦੇ ਗਲੇ ’ਤੇ ਨਿਸ਼ਾਨ ਦੇਖੇ ਤਾਂ ਸਾਨੂੰ ਸ਼ੱਕ ਹੋਇਆ। ਉਨ੍ਹਾਂ ਦੱਸਿਆ ਕਿ ਸਾਡਾ ਜਵਾਈ ਆਸ਼ੂ ਕੁੜੀ ਨੂੰ ਦਾਜ ਲਿਆਉਣ ਲਈ ਪਹਿਲਾਂ ਹੀ ਤੰਗ ਕਰਦਾ ਸੀ। ਅਸੀਂ ਕਈ ਵਾਰ ਮੰਗ ਵੀ ਪੂਰੀ ਕੀਤੀ। ਕੁਝ ਦਿਨ ਪਹਿਲਾਂ ਮੇਰੀ ਲੜਕੀ ਦਾ ਫੋਨ ਵੀ ਆਇਆ ਸੀ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਬੀਤੇ ਦਿਨੀਂ ਮੇਰੇ ਜਵਾਈ ਨੇ ਮੇਰੀ ਲੜਕੀ ਦਾ ਕਤਲ ਹੀ ਕਰ ਦਿੱਤਾ।
ਇਹ ਵੀ ਪੜ੍ਹੋ : ਚੰਗੇਰੇ ਭਵਿੱਖ ਦੇ ਸੁਫ਼ਨੇ ਲੈ ਕੇ ਦੁਬਈ ਗਏ ਤਿੰਨ ਭੈਣਾਂ ਦੇ ਇਕਲੌਤੇ ਵੀਰ ਦੀ ਮੌਤ
ਹਸਪਤਾਲ ਵਿਚ ਮੌਜੂਦ ਕੁਝ ਮੋਹਤਬਰ ਬੰਦਿਆਂ ਨੇ ਕੀਤੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼
ਜਿਸ ਸਮੇਂ ਸਿਵਲ ਹਸਪਤਾਲ ਵਿਚ ਮ੍ਰਿਤਕ ਲੜਕੀ ਦੀ ਲਾਸ਼ ਲਿਆਂਦੀ ਗਈ। ਉਸ ਸਮੇਂ ਸ਼ਹਿਰ ਦੇ ਕੁਝ ਮੋਹਤਬਰ ਵਿਅਕਤੀ ਵੀ ਨਾਲ ਸਨ। ਇਕ ਕੌਂਸਲਰ ਵੀ ਹਸਪਤਾਲ ਵਿਚ ਮੌਜੂਦ ਸੀ। ਉਸਨੇ ਵੀ ਪੱਤਰਕਾਰਾਂ ਨੂੰ ਕਿਹਾ ਕਿ ਲੜਕੀ ਦੀ ਬਲੱਡ ਪ੍ਰੈਸ਼ਰ ਘੱਟ ਹੋਣ ਨਾਲ ਮੌਤ ਹੋ ਗਈ। ਜਦਕਿ ਲੜਕੀ ਦੀ ਮਾਤਾ ਅਨੁਸਾਰ ਲੜਕੀ ਦੇ ਗਲੇ ’ਤੇ ਵੱਡੇ-ਵੱਡੇ ਸੱਟਾਂ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ : ਕਿਸਾਨਾਂ ’ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਵੱਡਾ ਐਲਾਨ
ਪੁਲਸ ਨੇ ਦਰਜ ਕੀਤਾ ਦਹੇਜ ਹੱਤਿਆ ਦਾ ਮਾਮਲਾ
ਇਸ ਸਬੰਧੀ ਜਦੋਂ ਥਾਣਾ ਸਿਟੀ 2 ਦੇ ਇੰਚਾਰਜ ਜਗਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਆਸ਼ੂ ਖ਼ਿਲਾਫ਼ ਦਹੇਜ ਲਈ ਕਤਲ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਜਦੋਂ ਇਸ ਸਬੰਧੀ ਡੀ. ਐੱਸ. ਪੀ ਲਖਵੀਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਗਈ ਕਿ ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਾਂ ਨਹੀਂ? ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਪੁਲਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            