ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਤਿੰਨ ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ
Friday, Aug 25, 2017 - 11:51 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਬੇਟ ਇਲਾਕੇ ਦੇ ਪਿੰਡ ਸ਼ਤਾਬਗੜ੍ਹ ਵਿਖੇ 3 ਬੱਚਿਆਂ ਦੀ ਮਾਂ ਜਸਵਿੰਦਰ ਕੌਰ (32) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪੇਕੇ ਪਰਿਵਾਰ ਵਲੋਂ ਉਸ ਦੇ ਸਹੁਰਾ ਪਰਿਵਾਰ 'ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀ ਧੀ ਨੂੰ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਕਾਰਨ ਇਹ ਕਦਮ ਚੁੱਕਣਾ ਪਿਆ। ਪੁਲਸ ਨੇ ਮ੍ਰਿਤਕਾ ਦੇ ਪਤੀ ਪਰਮਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਵਿਆਹੁਤਾ ਜਸਵਿੰਦਰ ਕੌਰ ਦੀ ਮਾਤਾ ਬਲਵੰਤ ਕੌਰ ਵਾਸੀ ਮਾਛੀਆਂ ਕਲਾਂ ਥਾਣਾ ਮੇਹਰਬਾਨ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀਆਂ 3 ਲੜਕੀਆਂ ਤੇ 1 ਲੜਕਾ ਹੈ, ਜਿਨ੍ਹਾਂ 'ਚੋਂ ਜਸਵਿੰਦਰ ਕੌਰ ਦਾ 10 ਸਾਲ ਪਹਿਲਾਂ ਪਰਮਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਸ਼ਤਾਬਗੜ੍ਹ ਨਾਲ ਵਿਆਹ ਹੋਇਆ ਸੀ, ਜਿਨ੍ਹਾਂ ਦੇ 2 ਲੜਕੀਆਂ ਤੇ 1 ਲੜਕਾ ਵੀ ਹੈ।
ਬਲਵੰਤ ਕੌਰ ਨੇ ਦੱਸਿਆ ਕਿ ਮੇਰਾ ਜਵਾਈ ਪਰਮਜੀਤ ਸਿੰਘ ਮੇਰੀ ਧੀ ਜਸਵਿੰਦਰ ਕੌਰ ਨੂੰ ਪਹਿਲਾਂ ਤੋਂ ਹੀ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ ਤੇ ਮੇਰੀ ਧੀ ਨੇ ਮੈਨੂੰ ਕਈ ਵਾਰ ਦੱਸਿਆ ਕਿ ਪਰਮਜੀਤ ਸਿੰਘ ਮੈਨੂੰ ਦਾਜ ਘੱਟ ਲਿਆਉਣ 'ਤੇ ਮੇਰੇ ਨਾਲ ਗਾਲੀ-ਗਲੋਚ ਤੇ ਕੁੱਟਮਾਰ ਕਰਦਾ ਹੈ। ਉਸ ਨੇ ਦੱਸਿਆ ਕਿ 4-5 ਮਹੀਨੇ ਪਹਿਲਾਂ ਵੀ ਪਰਮਜੀਤ ਸਿੰਘ ਨੇ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਪਰ ਅਸੀਂ ਉਸ ਨੂੰ ਸਮਝਾ ਕੇ ਵਾਪਸ ਸਹੁਰੇ ਘਰ ਸ਼ਤਾਬਗੜ੍ਹ ਭੇਜ ਦਿੱਤਾ।
ਉਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਸਵਾ 4 ਵਜੇ ਪਰਮਜੀਤ ਸਿੰਘ ਨੇ ਫੋਨ ਕੀਤਾ ਕਿ ਜਸਵਿੰਦਰ ਕੌਰ ਉਰਫ਼ ਰਿੰਪੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਬਲਵੰਤ ਕੌਰ ਅਨੁਸਾਰ ਉਸ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਲੜਕੀ ਨੇ ਪਰਮਜੀਤ ਸਿੰਘ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਮਾਛੀਵਾੜਾ ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਪਰਮਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।
