ਵਿਆਹੁਤਾ ਦੀ ਹੱਤਿਆ ਦੇ ਦੋਸ਼ ''ਚ ਪਤੀ ਸਮੇਤ ਪ੍ਰੇਮਿਕਾ ਨੂੰ ਉਮਰ ਕੈਦ ਦੀ ਸਜ਼ਾ
Wednesday, Dec 06, 2017 - 07:14 PM (IST)

ਹੁਸ਼ਿਆਰਪੁਰ (ਅਮਰਿੰਦਰ) : ਪ੍ਰੇਮਿਕਾ ਨਾਲ ਮਿਲ ਪਤਨੀ ਦੀ ਹੱਤਿਆ ਕਰਨ ਦੇ ਦੋਸ਼ੀਆਂ ਰੇਖਾ ਤੇ ਗੁਰਮੀਤ ਰਾਮ ਪੁੱਤਰ ਤਰਸੇਮ ਲਾਲ ਵਾਸੀ ਝੋਨੋਵਾਲ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ 20-20 ਹਜ਼ਾਰ ਰੁਪਏ ਨਗਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਨਗਦ ਜੁਰਮਾਨਾ ਰਾਸ਼ੀ ਦੀ ਅਦਾਇਗੀ ਨਾ ਕਰਨ 'ਤੇ ਦੋਵਾਂ ਦੋਸ਼ੀਆਂ ਨੂੰ 2-2 ਮਹੀਨੇ ਕੈਦ ਦੀ ਸਜ਼ਾ ਹੋਰ ਕੱਟਣੀ ਹੋਵੇਗੀ।
ਕੀ ਹੈ ਮਾਮਲਾ
ਗੌਰਤਲਬ ਹੈ ਕਿ 14 ਸਤੰਬਰ 2016 ਨੂੰ ਅਸ਼ੋਕ ਕੁਮਾਰ ਪੁੱਤਰ ਰਾਮ ਪਾਲ ਵਾਸੀ ਬਜਰੂੜ ਥਾਣਾ ਨੂਰਪੁਰ ਬੇਦ ਜ਼ਿਲਾ ਰੋਪੜਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਭੈਣ ਸੁਨੀਤਾ ਕੁਮਾਰੀ ਦਾ ਵਿਆਹ ਕਰੀਬ 15 ਸਾਲ ਪਹਿਲਾਂ ਗੁਰਮੀਤ ਰਾਮ ਪੁੱਤਰ ਤਰਸੇਮ ਲਾਲ ਵਾਸੀ ਝੋਨੋਵਾਲ ਨਾਲ ਹੋਇਆ ਸੀ। ਵਿਆਹ ਦੇ ਬਾਅਦ ਸੁਨੀਤਾ ਨੂੰ ਦੋ ਲੜਕੇ ਹੋਏ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਜੀਜਾ ਗੁਰਮੀਤ ਰਾਮ ਗੱਡੀ ਚਲਾਉਂਦਾ ਹੈ ਤੇ ਉਸ ਦੀ ਭੈਣ ਨੇ ਮਾਂ ਸੰਤੋਸ਼ ਕੁਮਾਰੀ ਨੂੰ ਕਈ ਵਾਰ ਦੱਸਿਆ ਕਿ ਉਸ ਦੇ ਪਤੀ ਦਾ ਕਿਸੇ ਮਹਿਲਾ ਨਾਲ ਨਜਾਇਜ਼ ਸਬੰਧ ਹਨ। ਸੁਨੀਤਾ ਨੇ ਤਾਂ ਲੜਕੀ ਰੇਖਾ ਪੁੱਤਰੀ ਤੀਰਥ ਰਾਮ ਵਾਸੀ ਟਿੱਬੀਆਂ ਬੀਣੇਵਾਲ ਦੇ ਬਾਰੇ 'ਚ ਵੀ ਕਈ ਵਾਰ ਘਰ ਵਾਲਿਆਂ ਨੂੰ ਦੱਸਿਆ ਪਰ ਮਾਂ ਨੇ ਉਸ ਨੂੰ 2 ਵਾਰ ਸਮਝਾ ਘਰ ਭੇਜ ਦਿੱਤਾ। ਇਸ ਦੌਰਾਨ ਸੁਨੀਤਾ ਇਕ ਦਿਨ ਰੇਖਾ ਦੇ ਘਰ ਜਾ ਪਹੁੰਚੀ ਜਿੱਥੇ ਰੇਖਾ ਨੇ ਸੁਨੀਤਾ ਨਾਲ ਮਾਰਕੁੱਟ ਕੀਤੀ ਤੇ ਉਸ ਨੂੰ ਧਮਕਾਇਆ ਕਿ ਉਹ ਗੁਰਮੀਤ ਰਾਮ ਨਾਲ ਵਿਆਹ ਕਰ ਲਵੇਗੀ ਤੇ ਤੇਨੂੰ ਰਾਸਤੇ 'ਚੋਂ ਹਟਾ ਦੇਵੇਗੀ। ਇਸ ਦੌਰਾਨ ਉਸ ਨੇ ਸੁਨੀਤਾ ਦੇ ਨਾਲ ਮਾਰਕੁੱਟ ਕੀਤੀ ਤੇ ਸੁਨੀਤਾ ਦੇ ਗਲੇ 'ਚ ਚੁੰਨੀ ਦਾ ਫੰਦਾ ਬਣਾ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਸੁਨੀਤਾ ਦੀ ਸਿਹਤ ਵਿਗੜੀ ਤਾਂ ਉਸ ਨੂੰ ਗੜ੍ਹਸ਼ੰਕਰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਸੁਨੀਤਾ ਨੇ ਦਮ ਤੋੜ ਦਿੱਤਾ।
ਉਸ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਰੇਖਾ ਤੇ ਉਸ ਦੇ ਜੀਜੇ ਨੇ ਮਿਲ ਕੇ ਸੁਨੀਤਾ ਦੀ ਹੱਤਿਆ ਕੀਤੀ ਹੈ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਰੇਖਾ ਤੇ ਗੁਰਮੀਤ ਦੇ ਖਿਲਾਫ਼ 302 ਤੇ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਸੀ। ਅੱਜ ਕੋਰਟ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।