ਕੋਰੋਨਾ'' ਦੀ ਪਈ ਮਾਰ : ਤੜਕੇ 5 ਵਜੇ ਕਰਵਾਇਆ ਸਾਦਾ ਵਿਆਹ

Monday, Mar 23, 2020 - 09:32 AM (IST)

ਕੋਰੋਨਾ'' ਦੀ ਪਈ ਮਾਰ : ਤੜਕੇ 5 ਵਜੇ ਕਰਵਾਇਆ ਸਾਦਾ ਵਿਆਹ

ਅਜਨਾਲਾ (ਜ. ਬ.) : ਪਿੰਡ ਸਰਾਂ 'ਚ ਇਕ ਜੱਟ ਸਿੱਖ ਪਰਿਵਾਰ ਵਲੋਂ ਆਪਣੇ ਲੜਕੇ ਦੇ ਵਿਆਹ ਸਮਾਗਮ ਦੀ 22 ਮਾਰਚ ਮਿੱਥੀ ਗਈ ਤਰੀਕ ਨੇ ਉਸ ਵੇਲੇ ਸਾਰੇ ਪਰਿਵਾਰ ਨੂੰ ਕੰਬਣੀ ਛੇੜ ਦਿੱਤੀ, ਜਦੋਂ ਵਿਆਹ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ 14 ਘੰਟੇ ਦੇ 'ਜਨਤਾ ਕਰਫਿਊ' ਦਾ ਐਲਾਨ ਕਰ ਦਿੱਤਾ। ਦੁਚਿੱਤੀ 'ਚ ਪਏ ਪਰਿਵਾਰ ਦੇ ਮੁਖੀ ਸਵਰਨ ਸਿੰਘ ਨੇ ਇਕਦਮ ਵਿਆਹ ਸਮਾਗਮ ਤੋਂ ਪਹਿਲਾਂ 21 ਮਾਰਚ ਦੀ ਰਾਤ ਨੂੰ ਫੈਸਲਾ ਲਿਆ ਕਿ ਉਹ ਤੜਕਸਾਰ 5 ਵਜੇ ਤੋਂ ਵੀ ਪਹਿਲਾਂ ਘਰ ਦੇ 5-7 ਮੈਂਬਰਾਂ ਨਾਲ ਇਕ ਗੱਡੀ 'ਚ ਸਵਾਰ ਹੋ ਕੇ ਲੜਕੀ ਪਰਿਵਾਰ ਦੁਆਰਾ ਮਿੱਥੇ ਵਿਆਹ ਫੇਰਿਆਂ ਵਾਲੇ ਸਥਾਨ 'ਤੇ ਜਾ ਕੇ ਆਪਣੇ ਲੜਕੇ ਅੰਮ੍ਰਿਤਪਾਲ ਸਿੰਘ ਦਾ ਗੁਰ-ਮਰਿਆਦਾ ਅਨੁਸਾਰ ਲੜਕੀ ਲਵਪ੍ਰੀਤ ਕੌਰ ਨਾਲ ਅਨੰਦ ਕਾਰਜ ਕਰ ਕੇ ਦਿਨ ਚੜ੍ਹਦੇ ਹੀ ਵਾਪਸ ਘਰ ਪਰਤ ਆਉਣਗੇ। ਲੜਕੀ ਪਰਿਵਾਰ ਵਾਲਿਆਂ ਦੀ ਸਮਾਜ 'ਚ ਇੱਜ਼ਤ ਬਰਕਰਾਰ ਰੱਖਣ ਲਈ ਉਹ ਸ਼ੋਰ-ਸ਼ਰਾਬੇ ਅਤੇ ਵੱਡੇ ਇਕੱਠ ਤੋਂ ਬਿਨਾਂ ਲੜਕੀ ਨੂੰ ਤਿੰਨ ਕੱਪੜਿਆਂ 'ਚ ਆਪਣੇ ਲੜਕੇ ਨਾਲ ਵਿਆਹ ਕੇ ਘਰ ਲੈ ਆਏ। ਵਿਆਹ ਵਾਲੇ ਮੁੰਡੇ ਨੇ ਕਿਹਾ ਕਿ ਦੇਸ਼ 'ਤੇ ਪਈ ਇਸ ਮੁਸੀਬਤ ਮੌਕੇ ਉਨ੍ਹਾਂ ਸਾਦਾ ਵਿਆਹ ਕਰ ਕੇ ਚੰਗੇ ਸਮਾਜ ਦੀ ਸਿਰਜਣਾ ਦਾ ਮਾਹੌਲ ਸਿਰਜਣ 'ਚ ਪਹਿਲਕਦਮੀ ਕੀਤੀ। ਇਸ ਮੌਕੇ ਲੜਕੇ ਦਾ ਫੁੱਫੜ ਬਲਜਿੰਦਰ ਫੂਲੇਚੱਕ, ਦਾਦੀ ਜੋਗਿੰਦਰ ਕੌਰ, ਦਾਦਾ ਜਰਨੈਲ ਸਿੰਘ, ਹਰਦਿਆਲ ਸਿੰਘ ਸੂਰੇਪੁਰ ਆਦਿ ਹਾਜ਼ਰ ਸਨ।

ਰਾਤ 12 ਵਜੇ ਕੀਤਾ ਅਨੰਦ ਕਾਰਜ, 10 ਬਰਾਤੀ ਹੋਏ ਸ਼ਾਮਲ
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੀ ਅਪੀਲ ਅਤੇ ਸੂਬਾ ਸਰਕਾਰ ਦੇ ਆਦੇਸ਼ਾਂ ਨੂੰ ਮੰਨਦਿਆਂ ਕਸਬਾ ਬੰਡਾਲਾ ਦੇ ਲਖਵਿੰਦਰ ਸਿੰਘ ਨੇ ਆਪਣੇ ਲੜਕੇ ਗੁਰਪ੍ਰੀਤ ਸਿੰਘ ਦਾ ਅੱਜ ਅੱਧੀ ਰਾਤ 12 ਵਜੇ ਹੀ ਅਨੰਦ ਕਾਰਜ ਕਰ ਦਿੱਤਾ, ਜਿਸ ਵਿਚ 10 ਬਰਾਤੀ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸਾਡੇ ਵਿਆਹ ਦੇ ਪ੍ਰੋਗਰਾਮ ਦਾ ਮਜ਼ਾ ਤਾਂ ਕੋਰੋਨਾ ਵਾਇਰਸ ਕਰ ਕੇ ਕਿਰਕਰਾ ਹੋ ਗਿਆ ਪਰ ਇਸ ਮਹਾਮਾਰੀ ਤੋਂ ਬਚਣ ਲਈ ਜੋ ਸਰਕਾਰ ਨੇ ਸਾਵਧਾਨੀਆਂ ਵਰਤਣ ਦੇ ਹੁਕਮ ਜਨਤਾ ਨੂੰ ਕੀਤੇ ਹਨ, ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨਾ ਜ਼ਰੂਰੀ ਹੈ। ਵਾਇਰਸ ਦੇ ਡਰ ਕਾਰਣ ਬਰਾਤ 'ਚ ਜ਼ਿਆਦਾ ਲੋਕਾਂ ਦੇ ਇਕੱਠ ਨਾ ਕਰਨ ਦੇ ਮਕਸਦ ਨਾਲ 10 ਜਣਿਆਂ ਨੂੰ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਕੁਝ ਰਿਸ਼ਤੇਦਾਰ ਵੀ ਨਾਰਾਜ਼ ਹੋਏ ਕਿ ਬਰਾਤ 'ਚ ਸ਼ਾਮਲ ਨਹੀਂ ਕੀਤਾ ਗਿਆ ਪਰ ਸਿਹਤ ਨੂੰ ਮੁੱਖ ਰੱਖਦਿਆਂ ਇਹ ਕਰਨਾ ਪਿਆ। ਇਸ ਮੌਕੇ ਸਵਿੰਦਰ ਸਿੰਘ, ਜੋਗਿੰਦਰ ਸਿੰਘ, ਅਜੀਤ ਸਿੰਘ, ਕੰਸ ਕੌਰ, ਨਿੰਦਰ ਕੌਰ ਆਦਿ ਲੜਕੇ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।


author

Baljeet Kaur

Content Editor

Related News