ਵਿਆਹ ਕਰਵਾ ਕੇ ਆਸਟ੍ਰੇਲੀਆ ਲੈ ਜਾਣ ਦਾ ਦਿੱਤਾ ਪਤਨੀ ਨੇ ਝਾਂਸਾ, ਮਾਰੀ 10 ਲੱਖ ਦੀ ਠੱਗੀ
Thursday, Apr 29, 2021 - 05:43 PM (IST)
ਮੋਗਾ (ਆਜ਼ਾਦ) - ਮੋਗਾ ਜ਼ਿਲ੍ਹੇ ਦੇ ਇਕ ਮੁੰਡੇ ਨਾਲ ਕੁੜੀ ਸਣੇ ਕੁੜੀ ਦੇ ਪਰਿਵਾਰ ਵਾਲਿਆਂ ਵਲੋਂ ਵਿਦੇਸ਼ ਲੈ ਕੇ ਜਾਣ ਦਾ ਝਾਂਸਾ ਦੇ ਕੇ ਠੱਗੀ ਮਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਭੋਡੀਵਾਲਾ ਨਿਵਾਸੀ ਲਾਲ ਸਿੰਘ ਦੇ ਪੁੱਤਰ ਹਰਜੀਤ ਸਿੰਘ ਨੂੰ ਵਿਆਹ ਕਰਵਾ ਕੇ ਆਸਟ੍ਰੇਲੀਆ ਲੈ ਜਾਣ ਦਾ ਝਾਂਸਾ ਦੇ ਕੇ ਕੜਿਆਲ ਨਿਵਾਸੀ ਰਮਨਪ੍ਰੀਤ ਕੌਰ ਨਾਂ ਦੀ ਕੁੜੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਕਥਿਤ ਮਿਲੀਭੁਗਤ ਕਰ ਕੇ 10 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਰਮਨਪ੍ਰੀਤ ਕੌਰ, ਉਸਦੇ ਪਿਤਾ ਮਹਿੰਦਰ ਸਿੰਘ, ਉਸਦੀ ਮਾਤਾ ਪਰਮਿੰਦਰ ਕੌਰ ਨਿਵਾਸੀ ਪਿੰਡ ਕੜਿਆਲ ਖ਼ਿਲਾਫ਼ ਥਾਣਾ ਧਰਮਕੋਟ ਵਿੱਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ
ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਲਾਲ ਸਿੰਘ ਨੇ ਕਿਹਾ ਕਿ ਮੇਰੇ ਬੇਟੇ ਹਰਜੀਤ ਸਿੰਘ ਦਾ ਵਿਆਹ ਰਮਨਪ੍ਰੀਤ ਕੌਰ ਦੇ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ, ਉਸ ਸਮੇਂ ਰਮਨਪ੍ਰੀਤ ਕੌਰ ਦੇ ਆਈਲੈਟਸ ਵਿੱਚੋਂ 6 ਬੈਂਡ ਆਏ ਸਨ। ਮੇਰੀਆਂ ਬੇਟੀਆਂ ਵੀ ਆਸਟ੍ਰੇਲੀਆ ਰਹਿੰਦੀਆਂ ਹਨ, ਜਿਸ ’ਤੇ ਅਸੀਂ ਰਮਨਪ੍ਰੀਤ ਕੌਰ ਨੂੰ ਵੀ ਪੜ੍ਹਾਈ ਲਈ ਆਸਟ੍ਰੇਲੀਆ ਭੇਜਣ ਦੀ ਗੱਲ ਕੀਤੀ, ਤਾਂ ਕਿ ਉਹ ਆਸਟ੍ਰੇਲੀਆ ਪਹੁੰਚ ਕੇ ਆਪਣੇ ਪਤੀ ਨੂੰ ਬੁਲਾ ਸਕੇ। ਅਸੀਂ ਉਸ ਨੂੰ ਮਾਰਚ 2018 ਵਿੱਚ ਆਸਟ੍ਰੇਲੀਆ ਭੇਜ ਦਿੱਤਾ, ਜਿਸ ਦਾ ਸਾਰਾ ਖਰਚਾ ਅਸੀਂ ਕੀਤਾ, ਉਸਦੇ ਪਰਿਵਾਰ ਵਾਲਿਆਂ ਨੇ ਪੈਸਾ ਖਰਚ ਨਹੀਂ ਕੀਤਾ।
ਰਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਜਾ ਕੇ ਆਪਣੇ ਪਤੀ ਨੂੰ ਬੁਲਾ ਲਵੇਗੀ ਪਰ ਉਥੇ ਪਹੁੰਚ ਕੇ ਰਮਨਪ੍ਰੀਤ ਕੌਰ ਨੇ ਆਪਣੇ ਪਰਿਵਾਰ ਵਾਲੀਆਂ ਨਾਲ ਮਿਲੀਭੁਗਤ ਕਰ ਕੇ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਅਗਸਤ 2019 ਤੋਂ ਬਾਅਦ ਉਸ ਨੇ ਆਸਟ੍ਰੇਲੀਆ ਰਹਿੰਦੀ ਮੇਰੀਆਂ ਕੁੜੀਆਂ ਦਾ ਘਰ ਛੱਡ ਕੇ ਵੱਖ ਰਹਿਣ ਲੱਗ ਪਈ। ਉਸਨੇ ਜੋ ਫਾਈਲ ਮੇਰੇ ਪੁੱਤ ਨੂੰ ਬਲਾਉਣ ਲਈ ਲਗਾਈ ਸੀ, ਉਹ ਵੀ ਅਧੂਰੀ ਲਗਾਈ ਗਈ, ਜਿਸ ਕਾਰਣ ਉਸ ਨੂੰ ਵੀਜ਼ਾ ਨਹੀਂ ਮਿਲਿਆ। ਅਸੀਂ ਆਪਣੀ ਨੂੰਹ ਰਮਨਦੀਪ ਕੌਰ ਨੂੰ ਆਸਟ੍ਰੇਲੀਆ ਭੇਜਣ ’ਤੇ ਲੱਖਾਂ ਰੁਪਏ ਖ਼ਰਚ ਕੀਤੇ।
ਕੀ ਹੋਈ ਪੁਲਸ ਕਾਰਵਾਈ
ਉਕਤ ਮਾਮਲੇ ਦੀ ਜਾਂਚ ਡੀ. ਐੱਸ. ਪੀ. ਧਰਮਕੋਟ ਵੱਲੋਂ ਕੀਤੀ ਗਈ। ਦੋਨੋਂ ਧਿਰਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਦੋਸ਼ੀਆਂ ਨੇ 14 ਲੱਖ 50 ਹਜ਼ਾਰ ਰੁਪਏ ਦੋ ਚੈੱਕਾਂ ਰਾਹੀਂ ਦੇਣ ਦੀ ਗੱਲ ਤੈਅ ਹੋਈ। ਪਹਿਲਾ ਚੈੱਕ ਕੈਸ਼ ਹੋ ਗਿਆ ਪਰ ਦੂਸਰਾ ਜੋ 10 ਲੱਖ ਦਾ ਸੀ, ਉਹ ਦੋਸ਼ੀਆਂ ਨੇ ਕੈਸ਼ ਨਹੀਂ ਹੋਣ ਦਿੱਤਾ ਅਤੇ 10 ਲੱਖ ਰੁਪਏ ਹੜੱਪ ਕਰ ਗਏ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲਾ ਦਰਜ ਹੋਇਆ, ਗ੍ਰਿਫ਼ਤਾਰੀ ਬਾਕੀ ਹੈ।