...ਤੇ ਹੁਣ ਆਨਲਾਈਨ ਖਰੀਦ ਸਕੋਗੇ ''ਮਾਰਕਫੈੱਡ'' ਦੀਆਂ ਖੁਰਾਕੀ ਵਸਤਾਂ
Thursday, Jan 18, 2018 - 11:56 AM (IST)

ਚੰਡੀਗੜ੍ਹ : ਹੁਣ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਲੋਕ ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਚੀਜ਼ਾਂ ਘਰ ਬੈਠੇ ਆਨਲਾਈਨ ਹੀ ਖਰੀਦ ਸਕਦੇ ਹਨ। ਅਸਲ 'ਚ 'ਮਾਰਕਫੈੱਡ' ਨੇ ਟ੍ਰਾਈਸਿਟੀ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੰਦਿਆਂ 'ਮੋਬਾਇਲ ਐਪ' ਲਾਂਚ ਕੀਤੀ ਹੈ। ਇਸ ਨਾਲ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਕਿਹਾ ਕਿ ਲੋਕਾਂ ਕੋਲ ਅੱਜ-ਕੱਲ੍ਹ ਸਮਾਂ ਬਿਲਕੁਲ ਨਹੀਂ ਹੁੰਦਾ, ਇਸ ਲਈ ਸਮੇਂ ਦੀ ਲੋੜ ਮੁਤਾਬਕ ਹੀ ਮਾਰਕਫੈੱਡ ਵਲੋਂ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਮਾਰਕਫੈੱਡ ਦੇ ਵਧੀਕ ਮੁੱਖ ਸਕੱਤਰ (ਸਹਿਕਾਰਤਾ) ਡੀ. ਪੀ. ਰੈੱਡੀ ਨੇ ਕਿਹਾ ਕਿ ਮਾਰਕਫੈੱਡ ਦਾ ਇਹ ਇਕ ਵਧੀਆ ਉਪਰਾਲਾ ਹੈ ਅਤੇ ਮਾਰਕਫੈੱਡ ਨੂੰ ਪੰਜਾਬ ਦੇ ਹਰ ਵੱਡੇ ਸ਼ਹਿਰ 'ਚ ਇਹ ਸਹੂਲਤ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਜਿੱਥੇ ਮਾਰਕਫੈੱਡ ਦੇ ਉਤਪਾਦਾਂ ਦੀ ਜ਼ਿਆਦਾ ਵਿਕਰੀ ਹੋਵੇਗੀ, ਉੱਥੇ ਹੀ ਗਾਹਕਾਂ ਨੂੰ ਆਨਲਾਈਨ ਖਰੀਦਦਾਰੀ ਕਰਨ 'ਚ ਵੀ ਸਹੂਲਤ ਮਿਲੇਗੀ।
ਕੀ ਹੈ ਮੋਬਾਇਲ ਐਪ 'ਚ ਖਾਸ
ਮੈਨੇਜਿੰਗ ਡਾਈਰੈਕਟਰ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਇਸ ਐਪ ਰਾਹੀਂ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਉਤਪਾਦ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ 1000 ਰੁਪਏ ਦੀ ਪਹਿਲੀ ਖਰੀਦਦਾਰੀ ਕਰਨ 'ਤੇ 100 ਰੁਪਏ ਦਾ ਸਾਈਨ ਅੱਪ ਡਿਸਕਾਊਂਟ ਦਿੱਤਾ ਜਾਵੇਗਾ, ਜਦੋਂ ਕਿ 500 ਰੁਪਏ ਦੀ ਖਰੀਦਦਾਰੀ ਤੱਕ 40 ਰੁਪਏ ਪਹੁੰਚ ਚਾਰਜਦੇਣੇ ਪੈਣਗੇ। 500 ਰੁਪਏ ਤੋਂ 999 ਰੁਪਏ ਤੱਕ 20 ਰੁਪਏ ਅਤੇ 1000 ਰੁਪਏ ਜਾਂ ਇਸ ਤੋਂ ਵੱਧ ਦੀ ਖਰੀਦਦਾਰੀ 'ਤੇ ਕੋਈ ਵੀ ਪਹੁੰਚ ਚਾਰਜ ਨਹੀਂ ਲਿਆ ਜਾਵੇਗਾ।