ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ, ਹੁਣ 24 ਘੰਟੇ ਖੁੱਲ੍ਹਣਗੇ ਬਾਜ਼ਾਰ, ਪ੍ਰਸ਼ਾਸਨ ਨੇ ਲਿਆ ਫ਼ੈਸਲਾ

Thursday, Jun 27, 2024 - 11:55 AM (IST)

ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ, ਹੁਣ 24 ਘੰਟੇ ਖੁੱਲ੍ਹਣਗੇ ਬਾਜ਼ਾਰ, ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਚੰਡੀਗੜ੍ਹ (ਹਾਂਡਾ) : ਯੂ.ਟੀ. ਪ੍ਰਸ਼ਾਸਨ ਨੇ ਕੁੱਝ ਸ਼ਰਤਾਂ ਨਾਲ 24 ਘੰਟੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਹੁਣ ਦੁਕਾਨਦਾਰ ਤੇ ਵਪਾਰੀ ਕਿਰਤ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਵਾ ਕੇ 24 ਘੰਟੇ ਆਪਣੀਆਂ ਦੁਕਾਨਾਂ ਖੋਲ੍ਹ ਸਕਣਗੇ। ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਇਜਾਜ਼ਤ ਦੀ ਲੋੜ ਨਹੀਂ ਪਵੇਗੀ। ਜਿਹੜੇ ਲੋਕ ਕਿਰਤ ਵਿਭਾਗ ਕੋਲ ਰਜਿਸਟਰਡ ਨਹੀਂ ਹਨ, ਉਹ ਇਸ ਸਹੂਲਤ ਦੇ ਹੱਕਦਾਰ ਨਹੀਂ ਹੋਣਗੇ। ਕੋ-ਲੇਬਰ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੁਕਾਨਦਾਰਾਂ ਤੇ ਵਪਾਰੀਆਂ ਦੀ ਭਲਾਈ ਅਤੇ ਲੋੜਾਂ ਪ੍ਰਤੀ ਸੁਚੇਤ ਹੈ ਅਤੇ ਇਸ ਲਈ ਇਹ ਲਾਭ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਕਿਰਤ ਵਿਭਾਗ ਦੇ ਪੋਰਟਲ 'ਤੇ 1000 ਤੋਂ 5000 ਰੁਪਏ (ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਸ਼੍ਰੇਣੀ 'ਤੇ ਨਿਰਭਰ ਕਰਦਾ ਹੈ) ਦੀ ਅਦਾਇਗੀ ਕਰ ਕੇ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ। ਵਿਭਾਗ ਵੱਲੋਂ ਜਾਗਰੂਕਤਾ ਤੇ ਰਜਿਸਟ੍ਰੇਸ਼ਨ ਕੈਂਪ ਲਾਏ ਜਾਣਗੇ ਤਾਂ ਜੋ ਦੁਕਾਨਦਾਰ ਤੇ ਕਾਰੋਬਾਰੀ 24 ਘੰਟੇ ਦੁਕਾਨਾਂ ਖੋਲ੍ਹਣ ਦੀ ਸਕੀਮ ਦਾ ਲਾਭ ਲੈ ਸਕਣ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਸਕੀਮ ਲਈ ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਜਲਦੀ ਕਰ ਦਿਓ Apply

ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਬਾਰ, ਕਲੱਬ ਤੇ ਸ਼ਰਾਬ ਦੇ ਠੇਕੇ ਆਬਕਾਰੀ ਨਿਯਮਾਂ ਤਹਿਤ ਪਹਿਲਾਂ ਤੋਂ ਤੈਅ ਸਮੇਂ ਅਨੁਸਾਰ ਖੁੱਲ੍ਹਣਗੇ। ਉਨ੍ਹਾਂ ਨੂੰ ਉਕਤ ਸਕੀਮ ਦਾ ਲਾਭ ਨਹੀਂ ਮਿਲੇਗਾ। ਦੁਕਾਨਾਂ ਅਤੇ ਅਦਾਰਿਆਂ ’ਚ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਤਨਖ਼ਾਹ ’ਚੋਂ ਬਿਨਾਂ ਕਿਸੇ ਕਟੌਤੀ ਦੇ ਹਫ਼ਤੇ ’ਚ ਇਕ ਦਿਨ ਦਾ ਆਰਾਮ ਦਿੱਤਾ ਜਾਵੇਗਾ। ਇਕ ਮਹੀਨੇ ਦੀਆਂ ਛੁੱਟੀਆਂ ਦੀ ਸਮਾਂ ਸਾਰਣੀ ਪਹਿਲਾਂ ਹੀ ਨੋਟਿਸ ਬੋਰਡ 'ਤੇ ਲਾਈ ਜਾਵੇਗੀ। ਦੁਕਾਨ ’ਤੇ ਕੰਮ ਕਰਨ ਵਾਲੇ ਨੂੰ 5 ਘੰਟੇ ਕੰਮ ਕਰਨ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਦਾ ਆਰਾਮ ਦਿੱਤਾ ਜਾਵੇਗਾ। ਉਸ ਨੂੰ ਦਿਨ ’ਚ 9 ਘੰਟੇ ਜਾਂ ਹਫ਼ਤੇ ’ਚ 48 ਘੰਟੇ ਤੋਂ ਵੱਧ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੇਕਰ ਦੁਕਾਨ ਜਾਂ ਅਦਾਰਾ ਰਾਤ 10 ਵਜੇ ਤੋਂ ਬਾਅਦ ਖੁੱਲ੍ਹਾ ਰਹਿੰਦਾ ਹੈ ਤਾਂ ਪ੍ਰਬੰਧਕਾਂ ਨੂੰ ਮੁਲਾਜ਼ਮਾਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣੇ ਹੋਣਗੇ। ਮਹਿਲਾ ਮੁਲਾਜ਼ਮਾਂ ਨੂੰ ਕੰਮ ਵਾਲੀ ਥਾਂ 'ਤੇ ਵੱਖਰੇ ਲਾਕਰ, ਸੁਰੱਖਿਆ ਤੇ ਆਰਾਮ ਕਮਰੇ ਮੁਹੱਈਆ ਕਰਵਾਉਣੇ ਹੋਣਗੇ। ਜੇਕਰ ਰਾਤ 8 ਵਜੇ ਤੋਂ ਬਾਅਦ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਲਿਖ਼ਤੀ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ। ਇਕ ਮੁਲਾਜ਼ਮ ਦਾ ਕੰਮ ਕਰਨ ਦਾ ਸਮਾਂ ਇਕ ਦਿਨ ’ਚ 10 ਘੰਟਿਆਂ ਤੋਂ ਵੱਧ ਨਹੀਂ ਹੋਵੇਗਾ, ਜਿਸ ’ਚ ਆਰਾਮ ਦਾ ਵਕਫ਼ਾ ਵੀ ਸ਼ਾਮਲ ਹੈ। ਮੁਲਾਜ਼ਮ ਨੂੰ ਤਨਖ਼ਾਹ ਦੇ ਨਾਲ ਰਾਸ਼ਟਰੀ ਅਤੇ ਤਿਉਹਾਰਾਂ ਦੀਆਂ ਛੁੱਟੀਆਂ ਦਿੱਤੀਆਂ ਜਾਣਗੀਆਂ। ਓਵਰਟਾਈਮ ਦੀ ਤਨਖ਼ਾਹ ਬੈਂਕ ਖ਼ਾਤਿਆਂ ’ਚ ਜਮ੍ਹਾਂ ਕਰ ਦਿੱਤੀ ਜਾਵੇਗੀ। ਸੁਰੱਖਿਆ ਲਈ ਦੁਕਾਨ ’ਚ ਘੱਟੋ-ਘੱਟ 15 ਦਿਨਾਂ ਦੀ ਰਿਕਾਰਡਿੰਗ ਬੈਕਅਪ ਨਾਲ ਸੀ. ਸੀ. ਟੀ. ਵੀ. ਕੈਮਰਾ ਲਾਇਆ ਜਾਵੇਗਾ। ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਐਮਰਜੈਂਸੀ ਅਲਾਰਮ ਦਾ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅਕਾਲੀ ਦਲ ਨੇ ਬਾਗੀ ਆਗੂਆਂ ਨੂੰ ਦਿੱਤਾ ਇਕ ਮੌਕਾ, ਸੁਖਬੀਰ ਬਾਦਲ ਨੂੰ ਦਿੱਤੇ ਪੁਨਰਗਠਨ ਦੇ ਅਧਿਕਾਰ
ਪ੍ਰਸ਼ਾਸਨ ਦਾ ਫ਼ੈਸਲਾ ਚੰਗਾ : ਕੋਹਲੀ
ਚੰਡੀਗੜ੍ਹ ਹੋਟਲ ਰੈਸਟੋਰੈਂਟ ਐਸੋਸੀਏਸ਼ਨ ਦੇ ਮੁਖੀ ਤੇ ਸੈਰ-ਸਪਾਟਾ ਪ੍ਰਮੋਟਰ ਮਨਮੋਹਨ ਸਿੰਘ ਕੋਹਲੀ ਨੇ ਪ੍ਰਸ਼ਾਸਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਜੀਵਨ ਸ਼ੈਲੀ ’ਚ ਦਿਨ ਛੋਟੇ ਹੁੰਦੇ ਜਾ ਰਹੇ ਹਨ। ਜਿਸ ਕੰਮ ਨੂੰ ਵਿਅਕਤੀ ਘਰੋਂ ਨਿਕਲਣ ਤੋਂ ਪਹਿਲਾਂ ਸੋਚਦਾ ਹੈ, ਉਹ ਸਮੇਂ ਦੀ ਘਾਟ ਕਾਰਨ ਪੂਰਾ ਨਹੀਂ ਹੁੰਦਾ। ਲੋਕ ਸਾਰਾ ਦਿਨ ਰੁੱਝੇ ਰਹਿੰਦੇ ਹਨ ਤੇ ਉਨ੍ਹਾਂ ਕੋਲ ਆਪਣੇ ਕੰਮਾਂ ਲਈ ਸਮਾਂ ਨਹੀਂ ਬਚਦਾ। ਜੇਕਰ ਕਾਰੋਬਾਰ 24 ਘੰਟੇ ਖੁੱਲ੍ਹੇ ਰਹਿਣ ਤਾਂ ਹੁਣ ਲੋਕ ਰਾਤ ਨੂੰ ਵੀ ਆਪਣੇ ਵਾਹਨਾਂ ਦੀ ਸਰਵਿਸ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਫ਼ੈਸਲਾ ਸਹੀ ਹੈ ਪਰ ਲੋਕਾਂ ਦੇ ਹੁੰਗਾਰੇ 'ਤੇ ਨਿਰਭਰ ਕਰੇਗਾ।
ਆਨਲਾਈਨ ਖ਼ਰੀਦਦਾਰੀ ਦੇ ਝੰਬੇ ਵਪਾਰੀਆਂ ਨੂੰ ਨਹੀਂ ਹੋਵੇਗਾ ਫ਼ਾਇਦਾ : ਵੋਹਰਾ
ਚੰਡੀਗੜ੍ਹ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਸਰਪ੍ਰਸਤ ਅਨਿਲ ਵੋਹਰਾ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਨਾਲ ਹੀ ਕਿਹਾ ਕਿ ਇਸ ਸਕੀਮ ਦਾ ਵਪਾਰੀਆਂ ਨੂੰ ਕੋਈ ਲਾਭ ਨਹੀਂ ਹੋਵੇਗਾ। ਨਾ ਹੀ ਕੋਈ ਰਾਤ ਨੂੰ ਦੁਕਾਨ ਖੋਲ੍ਹਣਾ ਚਾਹੇਗਾ ਕਿਉਂਕਿ ਜੇਕਰ ਦਿਨ ਵੇਲੇ ਕੋਈ ਕੰਮ ਨਾ ਹੋਵੇ ਤਾਂ ਰਾਤ ਨੂੰ ਕੀ ਆਸ ਰੱਖੀ ਜਾ ਸਕਦੀ ਹੈ ਕਿ ਕੋਈ ਕੱਪੜੇ, ਮਠਿਆਈ ਜਾਂ ਜੁੱਤੀ ਲੈਣ ਆਵੇਗਾ। ਆਨਲਾਈਨ ਖ਼ਰੀਦਦਾਰੀ ਨੇ ਪਹਿਲਾਂ ਹੀ ਵਪਾਰੀਆਂ 'ਤੇ ਦਬਾਅ ਪਾਇਆ ਹੋਇਆ ਹੈ, ਜੋ ਰਾਤ ਨੂੰ ਵਾਧੂ ਸਟਾਫ਼ ਤੇ ਹੋਰ ਖ਼ਰਚੇ ਬਰਦਾਸ਼ਤ ਕਰਨ ਦੇ ਸਮਰੱਥ ਨਹੀਂ ਹਨ। ਸਿਰਫ਼ ਵੱਡੇ ਮਾਲਾਂ ਨੂੰ ਹੀ ਫ਼ਾਇਦਾ ਹੋਵੇਗਾ, ਜਿੱਥੇ ਨੌਜਵਾਨਾਂ ਨੂੰ ਰਾਤ ਭਰ ਟਹਿਲਣ ਦਾ ਮੌਕਾ ਮਿਲੇਗਾ। 5 ਸਾਲ ਪਹਿਲਾਂ ਵੀ ਇਹ ਯੋਜਨਾ ਸ਼ੁਰੂ ਕਰਨ ਦੀ ਗੱਲ ਚੱਲੀ ਸੀ ਪਰ ਅਸਫ਼ਲ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News