ਮਾਰਕਿਟ ਕਮੇਟੀ ਨੇੜੇ ਲੱਗੇ ਕੂੜੇ ਦੇ ਡੰਪ ਨੂੰ ਹਟਾਉਣ ਲਈ ਦੁਕਾਨਦਾਰਾਂ ਨੇ ਪ੍ਰਸ਼ਾਸ਼ਨ ਤੋਂ ਕੀਤੀ ਮੰਗ
Sunday, Jan 28, 2018 - 11:12 AM (IST)

ਬੁਢਲਾਡਾ (ਮਨਜੀਤ) — ਸਥਾਨਕ ਸ਼ਹਿਰ ਦੇ ਵਿਚਕਾਰ ਸਥਿਤ ਮਾਰਕਿਟ ਕਮੇਟੀ ਦੇ ਦਫਤਰ ਦੀ ਕੰਧ ਨਾਲ ਕੂੜੇ ਦੇ ਲੱਗੇ ਡੰਪ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਲਈ ਦੁਕਾਨਦਾਰਾਂ ਨੇ ਮੰਗ ਕੀਤੀ ਹੈ। ਇਸ ਸੰਬੰਧੀ ਦੁਕਾਨਦਾਰ ਕਾਲਾ ਸਿੰਘ ਕਟੋਦੀਆ, ਗੁਰਪ੍ਰੀਤ ਸਿੰਘ, ਬਾਵਾ ਸਿੰਘ, ਡਾ. ਕ੍ਰਿਸ਼ਨ, ਚਾਂਦੀ ਰਾਮ, ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਡੰਪ ਨੇੜੇ ਸਬਜ਼ੀ ਮੰਡੀ ਵੀ ਹੈ । ਸਾਰੇ ਸ਼ਹਿਰ ਵਾਸੀ ਅਤੇ ਆਮ ਲੋਕ ਇੱਥੋਂ ਦੀ ਸਬਜ਼ੀ ਖਰੀਦਣ ਲਈ ਲੰਘਦੇ ਹਨ ਪਰ ਸਵੇਰੇ ਹੀ ਇੱਥੇ ਲੱਗੇ ਕੂੜੇ ਨੂੰ ਬੇਸਹਾਰਾ ਪਸ਼ੂਆਂ ਵੱਲੋਂ ਖਿਲਾਰ ਦਿੱਤਾ ਜਾਂਦਾ ਹੈ, ਜਿਸ 'ਚੋਂ ਬਦਬੂ ਆਉਂਦੀ ਹੈ । ਬਦਬੂ ਕਾਰਨ ਨੇੜੇ ਦੇ ਦੁਕਾਨਦਾਰਾਂ ਦਾ ਜਿਓਣਾ ਦੁੱਭਰ ਹੋਇਆ ਹੈ ਕਿਉਂਕਿ ਇਸ ਕੂੜੇ ਦੇ ਡੰਪ ਕਾਰਨ ਹੀ ਦਰਜਨ ਦੀ ਗਿਣਤੀ 'ਚ ਪਸ਼ੂ ਡੰਪ ਤੇ ਆ ਕੇ ਕੂੜਾ ਖਿਲਾਰਦੇ ਹਨ ਅਤੇ ਆਪਸ 'ਚ ਭਿੜਦੇ ਰਹਿੰਦੇ ਹਨ, ਜਿਸ ਕਾਰਨ ਦੁਕਾਨਾਂ ਦੇ ਬਾਹਰ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ । ਦੁਕਾਨਦਾਰਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਡੰਪ ਨੂੰ ਇੱਥੋਂ ਤਬਦੀਲ ਕਰਕੇ ਕਿਸੇ ਹੋਰ ਥਾਂ ਤੇ ਤਬਦੀਲ ਕੀਤਾ ਜਾਵੇ ਅਤੇ ਇਸ ਥਾਂ ਤੇ ਕੂੜਾਦਾਨ ਰੱਖਿਆ ਜਾਵੇ ਅਤੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ 'ਚ ਛੱਡਿਆ ਜਾਵੇ।