ਬਾਜ਼ਾਰ ਬੰਦ ਕਰ ਕੇ ਕੱਢਿਆ ਰੋਸ ਮਾਰਚ, ਪੁਲਸ ਪ੍ਰਸ਼ਾਸਨ ਨੂੰ ਹਫਤੇ ਦਾ ਅਲਟੀਮੇਟਮ

03/18/2018 6:49:10 AM

ਰਈਆ,   (ਦਿਨੇਸ਼)-  ਪਿਛਲੇ ਲੰਬੇ ਸਮੇਂ ਤੋਂ ਸਥਾਨਕ ਸ਼ਹਿਰ 'ਚ ਵਾਪਰ ਰਹੀਆਂ ਲੁੱਟਾਂ-ਖੋਹਾਂ ਨਾ ਰੁਕਣ ਤੇ ਅਪਰਾਧੀਆਂ ਦੇ ਫੜੇ ਨਾ ਜਾਣ ਕਾਰਨ ਅੱਜ ਸ਼ਹਿਰ ਵਾਸੀਆਂ ਦਾ ਗੁੱਸਾ ਫੁੱਟ ਪਿਆ ਤੇ ਲੋਕਾਂ ਨੇ ਬਾਜ਼ਾਰ ਬੰਦ ਕਰ ਕੇ ਰੋਸ ਮਾਰਚ ਕੱਢਿਆ। ਵਰਣਨਯੋਗ ਹੈ ਕਿ ਬੀਤੇ ਵੀਰਵਾਰ ਰਈਆ ਦੇ ਮਨੀਚੇਂਜਰ ਗੁਰਦਿਆਲ ਸਿੰਘ ਕੰਗ ਕੋਲੋਂ ਦਿਨ-ਦਿਹਾੜੇ ਹਥਿਆਰਬੰਦ ਲੁਟੇਰੇ ਗੰਨ ਪੁਆਇੰਟ 'ਤੇ 12 ਲੱਖ ਦੀ ਨਕਦੀ ਖੋਹ ਕੇ ਲੈ ਗਏ ਸਨ।  ਇਸ ਮੌਕੇ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਕਰਿਆਨਾ ਯੂਨੀਅਨ ਦੇ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਰਜਿੰਦਰ ਕਾਲੀਆ, ਸੁਖਵਿੰਦਰ ਸਿੰਘ ਮੱਤੇਵਾਲ, ਸੰਜੀਵ ਭੰਡਾਰੀ, ਬਲਦੇਵ ਸਿੰਘ ਬੋਦੇਵਾਲ, ਕ੍ਰਿਪਾਲ ਸਿੰਘ ਖਾਲਸਾ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦੁਨੀ ਚੰਦ ਦੀ ਦੁਕਾਨ ਤੋਂ ਅਤੇ ਚਾਵਲਾ ਕਲਾਥ ਹਾਊਸ ਦੇ ਮਾਲਕ ਤੋਂ ਲੁਟੇਰੇ ਨਕਦੀ ਖੋਹ ਕੇ ਲੈ ਗਏ ਸਨ। ਪਰਸ ਅਤੇ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਤਾਂ ਰੋਜ਼ਾਨਾ ਦਾ ਕੰਮ ਹੋ ਗਿਆ ਹੈ ਤੇ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਤਾਂ ਲੋਕ ਸ਼ਿਕਾਇਤ ਹੀ ਕਰਨੋਂ ਹੀ ਹਟ ਗਏ ਹਨ। ਬੈਂਕਾਂ ਅਤੇ ਸਰਕਾਰੀ ਦਫਤਰਾਂ ਵਿਚ ਨਾਮਾਤਰ ਹੀ ਸਕਿਓਰਿਟੀ ਹੈ।  ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬਹੁਤ ਸਾਰੇ ਬਿਨਾਂ ਨੰਬਰੀ ਮੋਟਰਸਾਈਕਲ ਬਿਨਾਂ ਰੋਕ-ਟੋਕ ਫਿਰ ਰਹੇ ਹਨ ਅਤੇ ਬੁਲੇਟ ਮੋਟਰਸਾਈਕਲ ਚਾਲਕਾਂ ਨੇ ਪਟਾਕੇ ਪਾ-ਪਾ ਕੇ ਦੁਕਾਨਦਾਰਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਸ਼ਹਿਰ ਵਿਚ ਪੁਲਸ ਪ੍ਰਸ਼ਾਸਨ ਨਜ਼ਰ ਹੀ ਨਹੀਂ ਆ ਰਿਹਾ ਤੇ ਸ਼ਹਿਰ ਵਾਸੀ ਅਪਰਾਧੀਆਂ ਦੇ ਰਹਿਮੋ-ਕਰਮ 'ਤੇ ਹੀ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਉਹ ਹੁਣ ਨੰਗੇ ਮੂੰਹ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਇਸ ਮੌਕੇ ਪ੍ਰਸ਼ਾਸਨ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਗਿਆ ਕਿ ਜੇ ਹਫਤੇ ਵਿਚ ਦੋਸ਼ੀ ਕਾਬੂ ਨਾ ਕੀਤੇ ਗਏ ਤਾਂ ਹੋਰ ਸਖਤ ਐਕਸ਼ਨ ਲਿਆ ਜਾਵੇਗਾ, ਜਿਸ ਵਿਚ ਜੀ. ਟੀ. ਰੋਡ ਵੀ ਜਾਮ ਕੀਤਾ ਸਕਦਾ ਹੈ।  ਇਸ ਬਾਰੇ ਜਦੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਖਿਲਾਫ ਪੁਲਸ ਪ੍ਰਸ਼ਾਸਨ ਨੂੰ ਸਖਤੀ ਨਾਲ ਐਕਸ਼ਨ ਲੈਣ ਦੀ ਹਦਾਇਤ ਕੀਤੀ ਗਈ ਹੈ ਤੇ ਹਲਕੇ ਵਿਚ ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।


Related News