ਮੈਰੀਟੋਰੀਅਸ ਸਕੂਲਾਂ ''ਚ ਮੁਫ਼ਤ ਸਹੂਲਤਾਂ ਦੇ ਬਾਵਜੂਦ ਵਿਦਿਆਰਥੀ ਨਹੀਂ ਦਿਖਾ ਰਹੇ ਉਤਸ਼ਾਹ

06/24/2018 6:42:16 AM

ਗੁਰਦਾਸਪੁਰ(ਹਰਮਨਪ੍ਰੀਤ) - ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਮੁਫ਼ਤ ਪੜ੍ਹਾਈ ਕਰਵਾਉਣ ਦੇ ਮੰਤਵ ਨਾਲ ਪੰਜਾਬ ਅੰਦਰ ਖੋਲ੍ਹੇ ਗਏ ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਲਈ ਹੋਈ ਕਾਊਂਸਲਿੰਗ ਦੌਰਾਨ ਲੜਕਿਆਂ ਦੀਆਂ 269 ਸੀਟਾਂ ਖ਼ਾਲੀ ਰਹਿ ਗਈਆਂ ਹਨ। ਪਿਛਲੇ ਸਾਲ ਵੀ ਇਨ੍ਹਾਂ ਸਕੂਲਾਂ ਦੀਆਂ ਕਰੀਬ 950 ਸੀਟਾਂ ਖ਼ਾਲੀ ਰਹਿ ਜਾਣ ਕਾਰਨ ਸਿੱਖਿਆ ਮਾਹਿਰ ਇਹ ਮੰਨ ਰਹੇ ਹਨ ਕਿ ਭਾਵੇਂ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ 'ਚ ਆਧੁਨਿਕ ਤੇ ਉੱਚ ਮਿਆਰੀ ਸਿੱਖਿਆ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੇ ਬਹੁ-ਗਿਣਤੀ ਵਿਦਿਆਰਥੀਆਂ ਦਾ ਝੁਕਾਅ ਪ੍ਰਾਈਵੇਟ ਸਕੂਲਾਂ ਵੱਲ ਹੀ ਹੈ। ਖ਼ਾਸ ਤੌਰ 'ਤੇ ਜਿਹੜੇ ਹੋਣਹਾਰ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੁੰਦੇ ਹਨ, ਉਨ੍ਹਾਂ 'ਚੋਂ ਬਹੁਤੇ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਨਾਮਵਰ ਪ੍ਰਾਈਵੇਟ ਸੰਸਥਾਵਾਂ ਵਿਚ ਦਾਖਲਾ ਲੈ ਲੈਂਦੇ ਹਨ।
ਸ਼ਰਤਾਂ ਨਰਮ ਕਰਨ ਦੇ ਬਾਵਜੂਦ ਨਹੀਂ ਭਰੀਆਂ ਸੀਟਾਂ
ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਸੂਬੇ ਅੰਦਰ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਮੋਹਾਲੀ, ਪਟਿਆਲਾ, ਬਠਿੰਡਾ, ਸੰਗਰੂਰ ਅਤੇ ਤਲਵਾੜਾ ਵਿਖੇ 10 ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਸਨ ਜਿਨ੍ਹਾਂ ਵਿਚ ਦਾਖਲੇ ਲਈ ਬਕਾਇਦਾ ਟੈਸਟ ਲਿਆ ਜਾਂਦਾ ਹੈ। ਅਕਾਲੀ-ਭਾਜਪਾ ਸਰਕਾਰ ਵੱਲੋਂ ਇਹ ਸਕੂਲ ਖੋਲ੍ਹਣ ਮੌਕੇ ਨਿਰਧਾਰਿਤ ਕੀਤੀਆਂ ਸ਼ਰਤਾਂ ਮੁਤਾਬਕ ਇਹ ਟੈਸਟ ਸਿਰਫ਼ ਸਰਕਾਰੀ ਸਕੂਲਾਂ ਦੇ ਉਹ ਵਿਦਿਆਰਥੀ ਹੀ ਦੇ ਸਕਦੇ ਹਨ, ਜਿਨ੍ਹਾਂ ਦੇ ਦਸਵੀਂ ਜਮਾਤ ਵਿਚੋਂ 80 ਫ਼ੀਸਦੀ ਤੋਂ ਜ਼ਿਆਦਾ ਅੰਕ ਆਏ ਹੋਣ ਪਰ ਇਸ ਸਾਲ ਕੈਪਟਨ ਸਰਕਾਰ ਨੇ ਇਨ੍ਹਾਂ ਸਕੂਲਾਂ ਪ੍ਰਤੀ ਵਿਦਿਆਰਥੀਆਂ 'ਚ ਉਤਸ਼ਾਹ ਪੈਦਾ ਕਰਨ ਅਤੇ ਦਾਖਲਾ ਮੁਕੰਮਲ ਕਰਨ ਦੇ ਮੰਤਵ ਨਾਲ ਘੱਟ ਤੋਂ ਘੱਟ 80 ਫ਼ੀਸਦੀ ਅੰਕ ਹੋਣ ਦੀ ਸ਼ਰਤ ਨਰਮ ਕਰ ਕੇ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਲਈ 55 ਫੀਸਦੀ ਅਤੇ ਐੱਸ. ਸੀ./ਐੱਸ. ਟੀ. ਵਿਦਿਆਰਥੀਆਂ ਲਈ 50 ਫ਼ੀਸਦੀ ਅੰਕ ਹੋਣੇ ਜ਼ਰੂਰੀ ਕਰ ਦਿੱਤੇ ਸਨ।

ਪਿਛਲੇ ਸਾਲ 2 ਵਾਰ ਟੈਸਟ ਲਏ ਜਾਣ ਦੇ ਬਾਵਜੂਦ ਖ਼ਾਲੀ ਰਹਿ ਗਈਆਂ ਸਨ ਸੀਟਾਂ
ਇਕੱਤਰ ਵੇਰਵਿਆਂ ਅਨੁਸਾਰ ਪਿਛਲੇ ਸਾਲ ਮੈਰੀਟੋਰੀਅਸ ਸਕੂਲਾਂ ਦੀਆਂ ਕਰੀਬ 4100 ਸੀਟਾਂ ਭਰਨ ਲਈ 2 ਵਾਰ ਪ੍ਰਵੇਸ਼ ਪ੍ਰੀਖਿਆ ਲਈ ਗਈ ਸੀ, ਜਿਸ ਤਹਿਤ ਪਹਿਲੀ ਵਾਰ ਸਿਰਫ 4919 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ 'ਚੋਂ 2261 ਤਾਂ 50 ਫੀਸਦੀ ਅੰਕ ਵੀ ਨਾ ਲੈ ਸਕਣ ਕਾਰਨ ਫੇਲ ਹੋ ਗਏ, ਜਿਸ ਕਾਰਨ 4100 ਵਿਚੋਂ ਸਿਰਫ਼ 2658 ਸੀਟਾਂ ਹੀ ਭਰੀਆਂ ਗਈਆਂ। ਸਰਕਾਰ ਵੱਲੋਂ ਰਹਿੰਦੀਆਂ 1442 ਸੀਟਾਂ ਭਰਨ ਲਈ ਮੁੜ ਪ੍ਰਵੇਸ਼ ਪ੍ਰੀਖਿਆ ਲਈ ਗਈ ਪਰ ਇਸ ਦੇ ਬਾਵਜੂਦ ਦੂਜੀ ਵਾਰ 1479 ਬੱਚਿਆਂ ਨੇ ਪ੍ਰੀਖਿਆ ਦਿੱਤੀ ਅਤੇ ਸਿਰਫ਼ 488 ਪਾਸ ਹੋ ਸਕੇ। ਜਦੋਂਕਿ 991 ਫੇਲ ਹੋ ਗਏ। ਨਤੀਜੇ ਵਜੋਂ ਕਰੀਬ 950 ਸੀਟਾਂ ਭਰੀਆਂ ਨਹੀਂ ਜਾ ਸਕੀਆਂ।
ਇਸ ਸਾਲ ਪ੍ਰਵੇਸ਼ ਪ੍ਰੀਖਿਆ ਦੀ ਸਥਿਤੀ ਹੋਰ ਤਰਸਯੋਗ
ਇਸ ਸਾਲ ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਲਈ 20 ਮਈ ਨੂੰ ਲਈ ਗਈ ਪ੍ਰਵੇਸ਼ ਪ੍ਰੀਖਿਆ ਵਿਚ 10304 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ 'ਚੋਂ ਸਿਰਫ਼ 4777 (46.34 ਫੀਸਦੀ) ਹੀ ਪਾਸ ਹੋ ਸਕੇ ਜਦੋਂਕਿ 5527 ਫੇਲ ਹੋ ਗਏ। ਪਾਸ ਹੋਣ ਵਾਲਿਆਂ 'ਚ ਸਭ ਤੋਂ ਜ਼ਿਆਦਾ ਗਿÎਣਤੀ ਬਠਿੰਡਾ ਜ਼ਿਲੇ ਦੀ ਸੀ, ਜਿਸ ਦੇ 737 ਵਿਦਿਆਰਥੀ ਪਾਸ ਹੋਏ।
ਸਟਾਫ਼ ਦੀ ਕਮੀ
ਇਨ੍ਹਾਂ ਸਕੂਲਾਂ ਵਿਚ ਠੇਕੇ 'ਤੇ ਰੱਖੇ ਪ੍ਰਿੰਸੀਪਲਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੇ ਜਾਣ ਦੇ ਬਾਅਦ ਹੁਣ ਸਿੱਖਿਆ ਵਿਭਾਗ ਦੇ ਹੋਰ ਪ੍ਰਿੰਸੀਪਲਾਂ ਨੂੰ ਵਾਧੂ ਚਾਰਜ ਦੇ ਕੇ ਸਕੂਲਾਂ ਦਾ ਕੰਮ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੈਕਚਰਾਰਾਂ ਦੀਆਂ ਅਨੇਕਾਂ ਅਸਾਮੀਆਂ ਖ਼ਾਲੀ ਪਈਆਂ ਹੋਈਆਂ ਹਨ, ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸਕੂਲ ਸਰਕਾਰ ਅਤੇ ਲੋਕਾਂ ਦੀ ਆਸ ਮੁਤਾਬਕ ਕਾਰਗੁਜ਼ਾਰੀ ਨਹੀਂ ਦਿਖਾ ਰਹੇ।
ਇਸ ਸਾਲ ਲੜਕਿਆਂ ਦੀਆਂ ਸੀਟਾਂ ਰਹੀਆਂ ਖ਼ਾਲੀ
ਸਾਲ 2018-19 ਬੈਚ ਲਈ ਵੱਖ-ਵੱਖ ਥਾਈਂ ਹੋਈ ਕਾਊਂਸਲਿੰਗ ਵਿਚ ਇਸ ਸਾਲ 4600 ਸੀਟਾਂ ਭਰੀਆਂ ਜਾਣੀਆਂ ਸਨ ਜਿਨ੍ਹਾਂ 'ਚੋਂ ਲੜਕੀਆਂ ਦੀਆਂ 2875 ਸੀਟਾਂ ਛੱਡ ਕੇ ਬਾਕੀ 1725 ਸੀਟਾਂ ਲੜਕਿਆਂ ਲਈ ਸਨ। ਇਨ੍ਹਾਂ ਵਿਚੋਂ ਲੜਕੀਆਂ ਦੀਆਂ ਸੀਟਾਂ ਤਾਂ ਭਰੀਆਂ ਗਈਆਂ ਹਨ ਪਰ ਲੜਕਿਆਂ ਦੀਆਂ ਕਰੀਬ 269 ਸੀਟਾਂ ਅਜੇ ਵੀ ਖ਼ਾਲੀ ਰਹਿ ਗਈਆਂ ਹਨ। ਗੁਰਦਾਸਪੁਰ ਸਥਿਤ ਸਕੂਲ 'ਚ ਮੈਡੀਕਲ ਦੀਆਂ 30, ਨਾਨ-ਮੈਡੀਕਲ ਦੀਆਂ 85 ਅਤੇ ਕਾਮਰਸ ਦੀਆਂ 18 ਸੀਟਾਂ ਖ਼ਾਲੀ ਹਨ ਜਦੋਂਕਿ ਫਿਰੋਜ਼ਪੁਰ 'ਚ ਮੈਡੀਕਲ ਦੀਆਂ 28, ਨਾਨ-ਮੈਡੀਕਲ ਦੀਆਂ 56 ਅਤੇ ਕਾਮਰਸ ਦੀਆਂ 2 ਸੀਟਾਂ ਖ਼ਾਲੀ ਰਹਿ ਗਈਆਂ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਮੈਡੀਕਲ ਦੀਆਂ 29, ਜਲੰਧਰ ਵਿਚ 4, ਪਟਿਆਲਾ 'ਚ 4, ਸੰਗਰੂਰ 'ਚ 29 ਅਤੇ ਐੱਸ. ਏ. ਐੱਸ. ਨਗਰ ਵਿਚ 11 ਸੀਟਾਂ ਖ਼ਾਲੀ ਹਨ।

 


Related News