‘ਆਪ’ ਦੀ ਹਨ੍ਹੇਰੀ ਵਿਚ ਕਈ ਦਿੱਗਜ ਉੱਡੇ, ਤਿੰਨ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਮਿਲੀ ਹਾਰ
Saturday, Mar 12, 2022 - 05:25 PM (IST)
ਚੰਡੀਗੜ੍ਹ (ਹਰੀਸ਼): ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਦੀ ਇੱਕਤਰਫਾ ਜਿੱਤ ਪੰਜਾਬ ਵਿਧਾਨਸਭਾ ਚੋਣਾਂ ਵਿਚ ਦਰਜ ਕੀਤੀ ਹੈ, ਉਸਤੋਂ ਸਾਫ਼ ਹੈ ਕਿ ਸੂਬੇ ਦੇ ਲੋਕ ਰਿਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਸਨ। ਇਸਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੋਣਾਵੀ ਰਣਨੀਤੀ ਦੀ ਬਿਹਤਰ ਮਿਸਾਲ ਕਿਹਾ ਜਾ ਸਕਦਾ ਹੈ, ਜਿਸ ਵਿਚ ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਨੇ ਠੀਕ ਮਾਅਨਿਆਂ ਵਿਚ ਹੋਰ ਪਾਰਟੀਆਂ ’ਤੇ ‘ਝਾੜੂ’ ਫੇਰ ਦਿੱਤਾ ਹੈ।
ਮੁੱਖ ਮੰਤਰੀ ਹੀ ਹਾਰੇ ਚੋਣ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਰੱਖਿਅਤ ਸੀਟ ਲੱਭਦੇ ਹੋਏ ਭਦੌੜ ਪਹੁੰਚੇ ਸਨ ਪਰ ਉੱਥੇ 37,000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਉਨ੍ਹਾਂ ਨੂੰ ਹਾਰ ਝੱਲਣੀ ਪਈ। ਭਦੌੜ ਦੀ ਥਾਂ ਉਹ ਜੇਕਰ ਆਪਣੇ ਚਮਕੌਰ ਸਾਹਿਬ ਹਲਕੇ ’ਤੇ ਧਿਆਨ ਦਿੰਦੇ ਤਾਂ ਸ਼ਾਇਦ ਚਮਕੌਰ ਸਾਹਿਬ ਤਾਂ ਜਿੱਤ ਹੀ ਸਕਦੇ ਸਨ। ਸੰਭਾਵੀ ਤੌਰ ’ਤੇ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਵਿਚ ਕੋਈ ਮੁੱਖ ਮੰਤਰੀ ਅਹੁਦੇ ’ਤੇ ਰਹਿੰਦੇ ਹੋਏ ਹੀ ਵਿਧਾਨਸਭਾ ਚੋਣ ਹਾਰ ਗਿਆ।
ਕੋਈ ਸਾਬਕਾ ਮੁੱਖ ਮੰਤਰੀ ਨਹੀਂ ਹੋਵੇਗਾ ਇਸ ਵਾਰ ਵਿਧਾਨਸਭਾ ਵਿਚ
ਤਿੰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਰਜਿੰਦਰ ਕੌਰ ਭੱਠਲ ਵੀ ਚੋਣ ਹਾਰ ਗਏ ਹਨ। ਬਾਦਲ ਆਪਣੇ ਰਾਜਨੀਤਕ ਜੀਵਨ ਵਿਚ ਦੂਜੀ ਵਾਰ ਵਿਧਾਨਸਭਾ ਚੋਣ ਹਾਰੇ ਹਨ। ਭੱਠਲ ਦੀ ਇਹ ਲਗਾਤਾਰ ਦੂਜੀ ਹਾਰ ਹੈ। ਬੀਤੇ 25 ਸਾਲਾਂ ਵਿਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਸਾਬਕਾ ਮੁੱਖ ਮੰਤਰੀ ਵਿਧਾਨਸਭਾ ਦਾ ਮੈਂਬਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਸੰਗਰੂਰ ਵਿਖੇ ਭਿਆਨਕ ਸੜਕ ਹਾਦਸੇ 'ਚ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ
ਨੌ ਸਿੱਖੀਏ ਉਮੀਦਵਾਰ ਤੋਂ ਹਾਰੇ ਕੱਦਾਵਰ ਸਿੱਧੂ
ਕੈਪਟਨ ਅਮਰਿੰਦਰ ਸਿੰਘ ਨਾਲ ਟਕਰਾਅ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਾਸਿਲ ਕਰਨ ਵਿਚ ਕਾਮਯਾਬ ਰਹੇ ਨਵਜੋਤ ਸਿੰਘ ਸਿੱਧੂ ਦੀ ਚੋਣਾਵੀ ਹਾਰ ਚੰਨੀ ਤੋਂ ਬਾਅਦ ਸਭਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 2004 ਤੋਂ ਲਗਾਤਾਰ 3 ਲੋਕਸਭਾ ਅਤੇ 1 ਵਿਧਾਨਸਭਾ ਚੋਣ ਜਿੱਤ ਚੁੱਕੇ ਸਿੱਧੂ ਚਾਹੇ ਖੁਦ ਨੂੰ ਤਜ਼ਰਬੇਕਾਰ ਅਤੇ ਕੱਦਾਵਰ ਨੇਤਾ ਮੰਨਦੇ ਹੋਣ ਪਰ ਉਨ੍ਹਾਂ ਨੂੰ ਆਪਣੇ ਹੀ ਅੰਮ੍ਰਿਤਸਰ ਪੂਰਵੀ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਰਾਜਨੀਤੀ ਵਿਚ ਨੌਸਿੱਖੀਆ ਕਹੀ ਜਾ ਸਕਣ ਵਾਲੀ ਜੀਵਨਜੋਤ ਕੌਰ ਨੇ ਹਰਾਇਆ।
10 ਮੰਤਰੀਆਂ ਨੇ ਗਵਾਏ ਹਲਕੇ
ਉਪ ਮੁੱਖ ਮੰਤਰੀ ਓ.ਪੀ. ਸੋਨੀ ਤੋਂ ਇਲਾਵਾ ਚੰਨੀ ਸਰਕਾਰ ਵਿਚ ਮੰਤਰੀ ਰਹੇ ਮਨਪ੍ਰੀਤ ਬਾਦਲ, ਰਾਜਕੁਮਾਰ ਵੇਰਕਾ, ਵਿਜੈਇੰਦਰ ਸਿੰਗਲਾ, ਰਜ਼ੀਆ ਸੁਲਤਾਨਾ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ, ਭਾਰਤ ਭੂਸ਼ਣ ਆਸ਼ੂ, ਕਾਕਾ ਰਣਦੀਪ ਸਿੰਘ ਨਾਭਾ ਚੋਣ ਹਾਰ ਗਏ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਖੁਦ ਚੋਣ ਨਹੀਂ ਲੜੇ ਪਰ ਉਨ੍ਹਾਂ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਕਰਾਰੀ ਹਾਰ ਪਟਿਆਲਾ ਦਿਹਾਤੀ ਹਲਕੇ ਵਿਚ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਵਿਧਾਨਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਵੀ ਚੋਣ ਹਾਰ ਗਏ ਹਨ।
ਇਹ ਵੀ ਪੜ੍ਹੋ : ਵੋਟਰਾਂ ਦੇ ਫਤਵੇ ਨੇ ਬਦਲੇ ਸਿਆਸਤ ਦੇ ਸਮੀਕਰਨ, ਕਿਸਾਨ ਆਗੂ ਰਾਜੇਵਾਲ ਵੀ ਨਹੀਂ ਬਚਾ ਸਕੇ ਆਪਣੀ ਜ਼ਮਾਨਤ
ਸਾਬਕਾ ਮੰਤਰੀ ਵੀ ਹਾਰੇ ਚੋਣ
ਕੈਪਟਨ ਸਰਕਾਰ ਵਿਚ ਮੰਤਰੀ ਰਹੇ ਪਰ ਚੰਨੀ ਦੀ ਕੈਬਨਿਟ ਤੋਂ ਬਾਹਰ ਕੀਤੇ ਗਏ ਵਿਧਾਇਕ ਵੀ ਚੋਣ ਹਾਰੇ ਹਨ। ਇਨ੍ਹਾਂ ਵਿਚ ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸ਼ਾਮਿਲ ਹਨ। ਅਕਾਲੀ ਦਲ ਤੋਂ ਰਣਜੀਤ ਸਿੰਘ ਬ੍ਰਹਮਪੁਰਾ, ਬਿਕਰਮ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਤੋਤਾ ਸਿੰਘ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ ਆਦਿ ਚੋਣ ਹਾਰ ਗਏ ਹਨ। ਇਨ੍ਹਾਂ ਤੋਂ ਇਲਾਵਾ ਭਾਜਪਾ ਤੋਂ ਤੀਕਸ਼ਣ ਸੂਦ, ਮਨੋਰੰਜਨ ਕਾਲੀਆ ਨੂੰ ਵੀ ਹਾਰ ਨਸੀਬ ਹੋਈ। ਇਹ ਸਾਰੇ ਅਕਾਲੀ-ਭਾਜਪਾ ਸਰਕਾਰ ਵਿਚ ਮੰਤਰੀ ਰਹੇ ਹਨ।
ਮਾਝਾ ਬਿ੍ਰਗੇਡ ਸਮੇਤ 7 ਮੰਤਰੀ ਜਿੱਤੇ
ਕੈਪਟਨ ਅਮਰਿੰਦਰ ਸਿੰਘ ਦੀ ਮੁਖਾਲਫਤ ਕਰਨ ਵਿਚ ਸਭਤੋਂ ਅੱਗੇ ਰਹੇ ਤਿੰਨ ਮੰਤਰੀਆਂ ਦੀ ਮਾਝਾ ਬਿ੍ਰਗੇਡ ਚੋਣ ਜਿੱਤਣ ਵਿਚ ਕਾਮਯਾਬ ਰਹੀ ਹੈ। ਹਾਲਾਂਕਿ ਇਨ੍ਹਾਂ ਦੀ ਜਿੱਤ ਦਾ ਅੰਤਰ ਬਹੁਤ ਹੀ ਘੱਟ ਰਿਹਾ ਹੈ। ਇਨ੍ਹਾਂ ਵਿਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਤਿ੍ਰਪਤ ਰਜਿੰਦਰ ਬਾਜਵਾ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ, ਅਰੁਣਾ ਚੌਧਰੀਮ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਰਗਟ ਸਿੰਘ ਚੋਣ ਜਿੱਤਣ ਵਿਚ ਕਾਮਯਾਬ ਰਹੇ।
ਡੇਰਿਆਂ ਦੇ ਵੋਟ ਬੈਂਕ ਦੀ ਖੁੱਲ੍ਹੀ ਅਸਲੀਅਤ
ਇਨ੍ਹਾਂ ਚੋਣਾਂ ਨੇ ਪੰਜਾਬ ਦੀ ਰਾਜਨੀਤੀ ਵਿਚ ਡੇਰਾ ਫੈਕਟਰ ਦੇ ਅਸਰ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ। ਕਿਸੇ ਵੀ ਡੇਰੇ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਸੀ। ਜ਼ਿਆਦਾਤਰ ਡੇਰਿਆਂ ਦਾ ਝੁਕਾਅ ਕਾਂਗਰਸ ਅਤੇ ਅਕਾਲੀ ਦਲ ਅਤੇ ਭਾਜਪਾ ਦੇ ਸਾਥੀਆਂ ਵੱਲ ਹੀ ਸੀ। ਪਰ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਡੇਰਿਆਂ ਦਾ ਕਥਿਤ ਵੋਟ ਬੈਂਕ ਧਰਾਤਲ ’ਤੇ ਕਿਤੇ ਨਹੀਂ ਹੈ। ਰਾਜਨੀਤਕ ਪਾਰਟੀਆਂ ਨੂੰ ਆਪਣੇ ਸ਼ਰਧਾਲੂਆਂ ਦੇ ਵੱਡੇ ਵੋਟ ਬੈਂਕ ਦੇ ਨਾਮ ’ਤੇ ਜਾਂ ਤਾਂ ਗੁੰਮਰਾਹ ਕੀਤਾ ਜਾਂਦਾ ਰਿਹਾ ਹੈ ਅਤੇ ਡੇਰਾ ਮੁਖੀਆਂ ਦੀ ਉਨ੍ਹਾਂ ਦੇ ਹੀ ਸ਼ਰਧਾਲੂਆਂ ਨੇ ਵੋਟ ਦਿੰਦੇ ਸਮੇਂ ਨਹੀਂ ਸੁਣੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ