ਡੇਢ ਸਾਲ ਤੋਂ ਮਿਹਨਤ ਕਰਕੇ ਕੌਂਸਲਰ ਬਣਨ ਦੇ ਸੁਫ਼ਨੇ ਵੇਖ ਰਹੇ ਕਈ ‘ਆਪ’ ਆਗੂ ਹੁਣ ਮਾਯੂਸ ਹੋਣ ਲੱਗੇ
Monday, Apr 10, 2023 - 01:54 PM (IST)
ਜਲੰਧਰ (ਖੁਰਾਣਾ)-ਉਂਝ ਤਾਂ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਭਾਰਤ ਦੇ ਸਿਆਸੀ ਮੈਦਾਨ ਵਿਚ ਪ੍ਰਵੇਸ਼ ਕੀਤਾ ਹੈ, ਉਦੋਂ ਤੋਂ ਹੀ ਦੇਸ਼ ਦੇ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਵਿਚ ਵੀ ਆਮ ਆਦਮੀ ਪਾਰਟੀ ਨੇ ਕਾਫ਼ੀ ਘੁਸਪੈਠ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੀ ਨਿਵੇਕਲੀ ਕਾਰਜਸ਼ੈਲੀ ਕਾਰਨ ਹੀ ਇਸ ਸਮੇਂ 117 ਵਿਚੋਂ 92 ਵਿਧਾਇਕ ਇਸ ਨਵੀਂ ਪਾਰਟੀ ਦੇ ਹਨ, ਸਗੋਂ ਆਗਾਮੀ ਨਗਰ ਨਿਗਮ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਕਾਬਿਜ਼ ਹੋਣ ਲਈ ਜੀਅਤੋੜ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਆਗੂ ਅਜਿਹੇ ਹਨ, ਜੋ ਦੂਜੀਆਂ ਪਾਰਟੀਆਂ ਦਾ ਸਵਾਦ ਚੱਖਣ ਤੋਂ ਬਾਅਦ ਇਥੇ ਆਏ ਹਨ। ਅਜਿਹੇ ’ਚ ਆਉਣ ਵਾਲੀਆਂ ਨਿਗਮ ਚੋਣਾਂ ’ਚ ਵੀ ਅਜਿਹੇ ਉਮੀਦਵਾਰਾਂ ਦੀ ਐਂਟਰੀ ਹੁੰਦੀ ਜਾ ਰਹੀ ਹੈ, ਜੋ ਦੂਜੀਆਂ ਪਾਰਟੀਆਂ ਤੋਂ ਪਾਲਾ ਬਦਲ ਕੇ ਇਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।
ਇਹ ਵੀ ਪੜ੍ਹੋ : NIA ਨੇ ਪੰਜਾਬ ਸਰਕਾਰ ਤੋਂ 57 ਗੈਂਗਸਟਰਾਂ, ਅੱਤਵਾਦੀਆਂ ਦੇ ਮੰਗੇ ਜਾਇਦਾਦਾਂ ਦੇ ਵੇਰਵੇ
ਅਜਿਹੀ ਸਥਿਤੀ ਵਿਚ ਆਮ ਆਦਮੀ ਪਾਰਟੀ ਭਾਵੇਂ ਸੂਬੇ ਵਿਚ ਮਜ਼ਬੂਤ ਹੋ ਰਹੀ ਹੈ ਪਰ ਪਾਰਟੀ ਦੇ ਆਪਣੇ ਹੀ ਕੇਡਰ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਜਲੰਧਰ ਦੀ ਗੱਲ ਕਰੀਏ ਤਾਂ ਇਥੇ ਆਮ ਆਦਮੀ ਪਾਰਟੀ ਦੇ 2 ਅਤੇ ਵਿਰੋਧੀ ਧਿਰ ਦੇ 2 ਵਿਧਾਇਕ ਹਨ। ਅਜਿਹੇ ’ਚ ਇਥੇ ਪਾਰਟੀ ਬਹੁਤ ਧਿਆਨ ਨਾਲ ਚੱਲ ਰਹੀ ਸੀ ਅਤੇ ਪਾਰਟੀ ਦਾ ਕੇਡਰ ਵੀ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਮੌਜੂਦ ਸੀ। ਇਸੇ ਵਿਚਕਾਰ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਅਚਾਨਕ ਆ ਜਾਣ ਕਾਰਨ ਸ਼ਹਿਰ ਦੇ ਸਾਰੇ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ, ਜਿਸ ਦਾ ਅਸਰ ਆਉਣ ਵਾਲੀਆਂ ਨਿਗਮ ਚੋਣਾਂ ’ਤੇ ਵੀ ਪੈਣ ਲੱਗਾ ਹੈ। ਵਿਧਾਇਕ ਸ਼ੀਤਲ ਅੰਗੁਰਾਲ ਦੇ ਕੱਟੜ ਸਿਆਸੀ ਵਿਰੋਧੀ ਸੁਸ਼ੀਲ ਰਿੰਕੂ ਨੂੰ ਜਿਸ ਤਰ੍ਹਾਂ ‘ਆਪ’ ਵਿਚ ਸ਼ਾਮਲ ਕਰ ਕੇ ਟਿਕਟ ਦਿੱਤੀ ਗਈ ਹੈ, ਹੁਣ ਸਿਆਸਤ ਦੇ ਖੇਤਰ ਵਿਚੋਂ ‘ਅਸੰਭਵ’ ਸ਼ਬਦ ਗਾਇਬ ਹੋ ਗਿਆ ਹੈ।
ਅੱਜਕਲ੍ਹ ‘ਆਪ’ ਵਿਚ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕਰਵਾਉਣ ਦਾ ਰੁਝਾਨ ਜਿਹਾ ਚੱਲ ਪਿਆ ਹੈ। ਪਹਿਲਾਂ ਭਾਜਪਾ ਦੇ ਕਈ ਕੌਂਸਲਰ ‘ਆਪ’ ਵਿਚ ਸ਼ਾਮਲ ਹੋਏ ਸਨ ਅਤੇ ਹੁਣ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਸਾਬਕਾ ਕੌਂਸਲਰ ਵੀ ‘ਆਪ’ ਵਿਚ ਸ਼ਾਮਲ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸਿਲਸਿਲਾ ਹੋਰ ਵਧਣ ਦੀ ਉਮੀਦ ਹੈ।
ਅਜਿਹੇ ’ਚ ਉਹ ‘ਆਪ’ ਆਗੂ ਹੁਣ ਮਾਯੂਸ ਹੋਣ ਲੱਗੇ ਹਨ, ਜਿਹੜੇ ਪਿਛਲੇ ਡੇਢ ਸਾਲ ਤੋਂ ਆਪਣੇ ਵਿਧਾਇਕਾਂ ਅਤੇ ਪਾਰਟੀ ਆਗੂਆਂ ਲਈ ਵਾਰਡਾਂ ’ਚ ਸਖ਼ਤ ਮਿਹਨਤ ਕਰ ਰਹੇ ਸਨ ਅਤੇ ਬਦਲੇ ’ਚ ਕੌਂਸਲਰ ਬਣਨ ਦਾ ਸੁਪਨੇ ਦੇਖ ਰਹੇ ਸਨ। ਕਿਤੇ ਨਾ ਕਿਤੇ ਉਨ੍ਹਾਂ ਨੂੰ ਲੱਗਣ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿਚ ਟਿਕਟਾਂ ਕਿਤੇ ਉਨ੍ਹਾਂ ਨੂੰ ਨਾ ਦੇ ਦਿੱਤੀਆਂ ਜਾਣ, ਜਿਨ੍ਹਾਂ ਨੂੰ ਉਹ ਹੁਣ ਤੱਕ ਆਪਣਾ ਵਿਰੋਧੀ ਮੰਨਦੇ ਆਏ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਲੋਕਾਂ ਨੇ ਔਰਤਾਂ ਦਾ ਚਾੜ੍ਹਿਆ ਕੁਟਾਪਾ
ਕਿਤੇ ਪਿਛਲਾ ਕੌਂਸਲਰ ਹਾਊਸ ਹੀ ਰਿਪੀਟ ਨਾ ਹੋ ਜਾਵੇ
ਜਲੰਧਰ ਨਿਗਮ ਦੇ ਪਿਛਲੇ ਹਾਊਸ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਜ਼ਿਆਦਾਤਰ ਕੌਂਸਲਰ ਆਪਣਾ ਪਾਲਾ ਬਦਲ ਕੇ ਜਾਂ ਤਾਂ ‘ਆਪ’ ਵਿਚ ਜਾ ਚੁੱਕੇ ਸਨ ਜਾਂ ਛਾਲ ਮਾਰਨ ਲਈ ਤਿਆਰ ਬੈਠੇ ਹਨ। ਅਜਿਹੇ ’ਚ ਇਕ ਖ਼ਦਸ਼ਾ ਇਹ ਵੀ ਹੈ ਕਿ ਕਿਤੇ ਆਉਣ ਵਾਲੇ ਕੌਂਸਲਰ ਹਾਊਸ ਵਿਚ ਪਿਛਲਾ ਹਾਊਸ ਹੀ ਰਿਪੀਟ ਨਾ ਹੋ ਜਾਵੇ।
ਇਕ-ਇਕ ਮਿਆਨ ’ਚ ਦੋ-ਦੋ ਤਲਵਾਰਾਂ ਆਉਣੀਆਂ ਸ਼ੁਰੂ
ਜਿਸ ਤਰ੍ਹਾਂ ਨਾਲ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲੱਗੇ ਹਨ, ਉਸ ਕਾਰਨ ਕਈ ਵਾਰਡਾਂ ਵਿਚ ਅਜਿਹੇ ਹਾਲਾਤ ਬਣ ਰਹੇ ਹਨ, ਜਿਵੇਂ ਇਕ-ਇਕ ਮਿਆਨ ਵਿਚ ਦੋ-ਦੋ ਤਲਵਾਰਾਂ ਆ ਰਹੀਆਂ ਹੋਣ। ਮਿਸਾਲ ਵਜੋਂ ਜਿਸ ਵਾਰਡ ਤੋਂ ਸਾਬਕਾ ਡਿਪਟੀ ਮੇਅਰ ਬੰਟੀ ਟਿਕਟ ਦੇ ਮੁੱਖ ਦਾਅਵੇਦਾਰ ਹਨ, ਜੇਕਰ ਆਉਣ ਵਾਲੇ ਸਮੇਂ ਵਿਚ ਮਨਜੀਤ ਸਿੰਘ ਟੀਟੂ ਦੀ ਐਂਟਰੀ ਹੁੰਦੀ ਹੈ ਤਾਂ ਕੀ ਸਮੀਕਰਨ ਹੋਣਗੇ? ਇਹੀ ਸਥਿਤੀ ਹਰਸ਼ਰਨ ਕੌਰ ਹੈਪੀ ਦੇ ਵਾਰਡ ਵਿਚ ਬਣ ਸਕਦੀ ਹੈ।
ਇਹ ਵੀ ਪੜ੍ਹੋ : ਸ਼ਾਤਿਰ ਕੁੜੀ ਦਾ ਕਾਰਾ ਕਰੇਗਾ ਹੈਰਾਨ, ਕ੍ਰੈਡਿਟ ਕਾਰਡ ਜ਼ਰੀਏ ਇੰਝ ਕੀਤੀ ਲੱਖਾਂ ਦੀ ਧੋਖਾਦੇਹੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।