ਮਨੂ ਦੇ ਕਤਲ ਦੀ ਗੁੱਥੀ ਸੁਲਝੀ ; ਪਤੀ ਤੇ ਸੱਸ ਗ੍ਰਿਫਤਾਰ

01/05/2018 7:11:41 AM

ਨਾਭਾ, (ਜਗਨਾਰ, ਭੂਪਾ)- ਪਿਛਲੇ ਦਿਨੀਂ ਮਨੂ (19) ਵਾਸੀ ਨਾਭਾ ਦਾ ਕਤਲ ਹੋ ਗਿਆ ਸੀ। ਇਸ ਸਬੰਧੀ ਕੋਤਵਾਲੀ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਛੰਨੂ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 126/17, 302, 34 ਆਈ. ਪੀ. ਸੀ. ਤਹਿਤ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਇੰਚਾ. ਕਰਨੈਲ ਸਿੰਘ ਨੇ ਦੱਸਿਆ ਕਿ ਉਕਤ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਸ ਨੇ ਮ੍ਰਿਤਕਾ ਮਨੂ ਦੇ ਪਤੀ ਅਰੁਣ ਯਾਦਵ ਅਤੇ ਸੱਸ ਅਨੀਤਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਮਾਂ-ਪੁੱਤਰ ਨੂੰ ਇਕ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। 
ਇਸ ਸਬੰਧੀ ਮ੍ਰਿਤਕਾ ਮਨੂ ਦੇ ਭਰਾ ਛੰਨੂ ਲਾਲ ਨੇ ਕਿਹਾ ਕਿ ਉਸ ਦੀਆਂ 7 ਭੈਣਾਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਵੱਲੋਂ ਉੱਚ ਸਿੱਖਿਆ ਹਾਸਲ ਕਰਵਾਈ ਗਈ। ਉਸ ਦੀ ਮ੍ਰਿਤਕ ਭੈਣ ਮਨੂ ਬੀ. ਏ. ਫਾਈਨਲ ਦੀ ਪੜ੍ਹਾਈ ਕਰ ਰਹੀ ਸੀ, ਜਿਸ ਦਾ ਖਰਚਾ ਉਸ ਦੇ ਮਾਪੇ ਕਰ ਰਹੇ ਸਨ। ਇਸ ਦੇ ਬਾਵਜੂਦ ਮੇਰਾ ਭਣਵੱਈਆ ਅਰੁਣ ਯਾਦਵ ਅਤੇ ਉਸ ਦੇ ਪਰਿਵਾਰਕ ਮੈਂਬਰ ਨਿੱਤ ਦਿਨ ਦਾਜ ਦੀ ਮੰਗ ਕਰਦੇ ਸਨ, ਜਿਸ ਨੂੰ ਪੂਰਾ ਕਰਨ ਵਿਚ ਸਾਡਾ ਪਰਿਵਾਰ ਅਸਮਰੱਥ ਸੀ। ਇਸ 'ਤੇ ਇਨ੍ਹਾਂ ਮੇਰੀ ਭੈਣ ਨੂੰ ਮਾਰ ਦਿੱਤਾ ਹੈ। ਛੰਨੂ ਲਾਲ ਨੇ ਮੰਗ ਕਰਦਿਆਂ ਕਿਹਾ ਕਿ ਮੇਰੀ ਭੈਣ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ।


Related News