ਮਨੂ ਭਾਕਰ ਅਤੇ ਅਨੀਸ਼ ਭਾਨਵਾਲਾ ਓਲੰਪਿਕ ਚੋਣ ਟਰਾਇਲਾਂ ''ਚ ਚੋਟੀ ''ਤੇ
Saturday, May 11, 2024 - 08:01 PM (IST)
ਭੋਪਾਲ, (ਭਾਸ਼ਾ) ਓਲੰਪੀਅਨ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਅਨੀਸ਼ ਭਾਨਵਾਲਾ ਸ਼ਨੀਵਾਰ ਨੂੰ ਇੱਥੇ ਰਾਈਫਲ ਅਤੇ ਪਿਸਟਲ ਦੇ ਓਲੰਪਿਕ ਚੋਣ ਟਰਾਇਲ (ਓ.ਐੱਸ.ਟੀ.) ਦੇ ਆਪਣੇ ਮੁਕਾਬਲਿਆਂ ਦੇ ਕੁਆਲੀਫਿਕੇਸ਼ਨ ਗੇੜ ਵਿਚ ਮਜ਼ਬੂਤ ਸਕੋਰਾਂ ਨਾਲ ਚੋਟੀ ਦੇ ਸਥਾਨ 'ਤੇ ਰਹੇ। ਅਨੀਸ਼ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ 587 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਜਦਕਿ ਮਨੂ 585 ਅੰਕਾਂ ਨਾਲ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਤੀਜੇ ਸਥਾਨ ’ਤੇ ਰਹੀ। ਫਾਈਨਲ ਐਤਵਾਰ ਨੂੰ ਹੋਵੇਗਾ ਜਿਸ ਵਿਚ ਕੁਆਲੀਫਾਈ ਕਰਨ ਵਾਲੇ ਪੰਜ ਨਿਸ਼ਾਨੇਬਾਜ਼ਾਂ ਨੂੰ ਅਹਿਮ ਪੋਡੀਅਮ ਅੰਕ ਹਾਸਲ ਕਰਨੇ ਹੋਣਗੇ।
ਔਰਤਾਂ ਦੇ ਪਿਸਟਲ ਮੁਕਾਬਲੇ ਵਿੱਚ ਰਿਦਮ ਸਾਂਗਵਾਨ 586 ਅੰਕਾਂ ਨਾਲ ਸਿਖਰ ’ਤੇ ਰਹੀ ਜਦਕਿ ਸਿਮਰਨਪ੍ਰੀਤ ਕੌਰ ਬਰਾੜ 585 ਅੰਕਾਂ ਨਾਲ ਮਨੂ ਨੂੰ ਹਰਾ ਕੇ ਦੂਜੇ ਸਥਾਨ ’ਤੇ ਰਹੀ। ਈਸ਼ਾ ਸਿੰਘ (579) ਚੌਥੇ ਅਤੇ ਅਭਿਦਾਨਿਆ ਅਸ਼ੋਕ ਪਾਟਿਲ (575) ਪੰਜਵੇਂ ਸਥਾਨ 'ਤੇ ਰਹੇ। ਇਸ ਦਾ ਮਤਲਬ ਹੈ ਕਿ ਫਾਈਨਲ ਭਾਵੇਂ ਕੋਈ ਵੀ ਹੋਵੇ, ਮਨੂ ਆਪਣੇ ਨਜ਼ਦੀਕੀ ਵਿਰੋਧੀ 'ਤੇ ਘੱਟੋ-ਘੱਟ ਚਾਰ ਅੰਕਾਂ ਦੀ ਬੜ੍ਹਤ ਨਾਲ ਚੌਥੇ ਟਰਾਇਲ 'ਚ ਪ੍ਰਵੇਸ਼ ਕਰੇਗੀ। ਦੂਜੇ ਸਥਾਨ ਲਈ ਈਸ਼ਾ, ਰਿਦਮ ਅਤੇ ਸਿਮਰਨਪ੍ਰੀਤ ਵਿਚਕਾਰ ਸਖ਼ਤ ਮੁਕਾਬਲਾ ਹੋਵੇਗਾ। ਭਾਨਵਾਲਾ ਵੀ ਆਪਣੇ ਨੇੜਲੇ ਵਿਰੋਧੀ 'ਤੇ ਦੋ ਅੰਕਾਂ ਦੀ ਬੜ੍ਹਤ ਰੱਖਦਾ ਹੈ। ਵਿਜੇਵੀਰ ਸਿੱਧੂ ਅਤੇ ਭਾਵੇਸ਼ ਸ਼ੇਖਾਵਤ ਵਿਚਕਾਰ ਦੂਜੇ ਸਥਾਨ ਲਈ ਸਖ਼ਤ ਮੁਕਾਬਲਾ ਹੋਵੇਗਾ।