ਮਨਤਾਰ ਬਰਾੜ ਤੇ ਐੱਸ.ਡੀ.ਐੱਮ. ਕੋਲੋਂ ''ਸਿਟ'' ਨੇ ਕੀਤੀ ਕਈ ਘੰਟੇ ਪੁੱਛਗਿੱਛ
Thursday, Feb 28, 2019 - 12:03 PM (IST)
ਫਰੀਦਕੋਟ (ਰਾਜਨ) - ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ 'ਸਿਟ' (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਵਲੋਂ ਕੋਟਕਪੂਰਾ ਦੇ ਮਨਤਾਰ ਸਿੰਘ ਬਰਾੜ ਅਤੇ ਐੱਸ. ਡੀ. ਐੱਮ. ਹਰਜੀਤ ਸਿੰਘ ਸੰਧੂ ਨੂੰ 'ਸਿਟ' ਕੈਂਪ ਦਫ਼ਤਰ, ਫ਼ਰੀਦਕੋਟ ਵਿਖੇ ਬੁਲਾ ਕੇ ਕਈ ਘੰਟੇ ਪੁੱਛਗਿੱਛ ਕੀਤੀ ਗਈ। ਦੱਸ ਦੇਈਏ ਕਿ ਮਨਤਾਰ ਸਿੰਘ ਬਰਾੜ 14 ਅਕਤੂਬਰ, 2015 'ਚ ਹੋਏ ਕੋਟਕਪੂਰਾ ਗੋਲੀ ਕਾਂਡ ਦੇ ਸਮੇਂ ਕੋਟਕਪੂਰਾ ਹਲਕੇ ਦੇ ਸੱਤਾਧਾਰੀ ਵਿਧਾਇਕ ਅਤੇ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ 'ਤੇ ਸਨ।
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਤੋਂ 'ਸਿਟ' ਵਲੋਂ ਪਹਿਲਾਂ ਵੀ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ, ਜਿਸ ਦੇ ਬਾਵਜੂਦ ਮਨਤਾਰ ਬਰਾੜ ਅਤੇ ਉਸ ਵੇਲੇ ਦੇ ਐੱਸ. ਡੀ. ਐੱਮ. ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ। ਦੱਸਣਯੋਗ ਹੈ ਕਿ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਵਲੋਂ ਪਹਿਲਾਂ ਹੀ ਸਥਾਨਕ ਸੈਸ਼ਨ ਕੋਰਟ 'ਚ ਆਪਣੀ ਜ਼ਮਾਨਤ ਲਈ ਦਰਖਾਸਤ ਲਾ ਦਿੱਤੀ ਗਈ ਸੀ, ਜਿਸ ਦੀ ਸੁਣਵਾਈ 1 ਮਾਰਚ ਨੂੰ ਹੋਵੇਗੀ, ਜਦਕਿ ਆਈ. ਜੀ. ਉਮਰਾਨੰਗਲ ਵਲੋਂ ਲਾਈ ਗਈ ਜ਼ਮਾਨਤ ਦੀ ਦਰਖਾਸਤ 'ਤੇ ਮਾਣਯੋਗ ਸੈਸ਼ਨ ਕੋਰਟ ਵਲੋਂ ਸੁਣਵਾਈ ਲਈ 6 ਮਾਰਚ ਨਿਰਧਾਰਿਤ ਕੀਤੀ ਗਈ ਹੈ।