ਪੁਲਵਾਮਾ ਅੱਤਵਾਦੀ ਹਮਲਾ: ਬੀਬਾ ਬਾਦਲ ਦਾ ਕੈਪਟਨ ਅਤੇ ਸਿੱਧੂ 'ਤੇ ਵੱਡਾ ਹਮਲਾ (ਵੀਡੀਓ)
Saturday, Feb 16, 2019 - 01:04 PM (IST)
ਮਾਨਸਾ(ਅਮਰਜੀਤ)— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਜਾਣਦੇ ਹਨ ਕਿ ਪਾਕਿਸਤਾਨ ਨੂੰ ਅੱਤਵਾਦ ਸਟੇਟ ਕਰਾਰ ਦਿੱਤਾ ਹੋਇਆ ਹੈ। ਪਾਕਿਸਤਾਨ ਦੀ ਸਰਕਾਰ ਵੀ ਇਸ ਅੱਤਵਾਦ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਜਿਸ ਕਰਕੇ ਅਜਿਹਾ ਵੱਡਾ ਹਮਲਾ ਹੋਇਆ ਹੈ। ਇਸ ਹਮਲੇ ਕਾਰਨ ਕਈ ਘਰਾਂ ਦੇ ਚਿਰਾਚ ਬੁੱਝ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿ ਦੀਆਂ ਇਹ ਨਾਪਾਕ ਹਰਕਤਾਂ ਸਾਡੇ ਸੁਰੱਖਿਆਂ ਬਲਾਂ ਦੇ ਮਜ਼ਬੂਤ ਇਰਾਦਿਆਂ ਨੂੰ ਢਹਿ-ਢੇਰੀ ਨਹੀਂ ਕਰ ਸਕਦੀਆਂ ਅਤੇ ਭਾਰਤ ਅਜਿਹੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗਾ।
ਇਸ ਦੌਰਾਨ ਬੀਬਾ ਬਾਦਲ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਨੂੰ ਆਪਣੇ ਘਰ ਵਿਚ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦਾ ਮੰਤਰੀ ਨਵਜੋਤ ਸਿੱਧੂ ਪਾਕਿਸਤਾਨ ਜਾ ਕੇ ਜਨਰਲ ਬਾਜਵਾ ਨੂੰ ਜੱਫੀਆਂ ਪਾ ਕੇ ਤਸਵੀਰਾਂ ਖਿੱਚਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀ ਜਿਨ੍ਹਾਂ ਨਾਲ ਜਾ ਕੇ ਉਥੇ ਜੱਫੀਆਂ ਪਾਉਂਦੇ ਹਨ, ਉਨ੍ਹਾਂ ਦੇ ਇਸ਼ਾਰੇ 'ਤੇ ਹੀ ਭਾਰਤ 'ਚ ਅੱਤਵਾਦੀ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਅੱਜ ਕਹਿ ਰਹੇ ਹਨ ਕਿ ਅੱਤਵਾਦ ਦਾ ਕੋਈ ਦੇਸ਼ ਧਰਮ ਜਾਂ ਜਾਤ ਨਹੀਂ ਹੁੰਦੀ, ਅਜਿਹਾ ਕਹਿ ਕੇ ਉਹ ਪਾਕਿਸਤਾਨ ਦੀ ਪਿੱਠ ਥਾਪੜ ਰਹੇ ਹਨ, ਜਿਸ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।