ਪੰਜਾਬ ਦੇ ਪਿੰਡਾਂ ਲਈ ਮਿਸਾਲ ਬਣਿਆ ਮਾਨਸਾ ਦਾ ਇਹ ਪਿੰਡ (ਵੀਡੀਓ)

02/18/2020 10:33:53 AM

ਮਾਨਸਾ (ਅਮਰਜੀਤ) : ਵਾਤਾਵਰਣ ਦਿਨ ਪ੍ਰਤੀ ਦਿਨ ਸਾਡੀਆਂ ਗਲਤੀਆਂ ਦੇ ਚੱਲਦਿਆਂ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਭਾਵੇਂ ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਕਈ ਦਾਅਵੇ ਕਰਦੀ ਹੈ ਪਰ ਇਹ ਸਿਰਫ ਨਾਅਰੇਬਾਜ਼ੀ ਤੇ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ ਪਰ ਮਾਨਸਾ ਦੇ ਪਿੰਡ ਭਾਈ ਦੇਸਾ ਦੇ ਨੌਜਵਾਨਾਂ ਨੇ ਇਸ ਮੁੱਦੇ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਪਿੰਡ ਵਿਚ 'ਨੌਜਵਾਨ ਏਕਤਾ' ਨਾਂ ਦਾ ਇਕ ਕਲੱਬ ਬਣਾ ਕੇ ਪਿੰਡ ਦਾ ਕਾਫ਼ੀ ਵਿਕਾਸ ਕੀਤਾ ਹੈ। ਇਸ ਕਲੱਬ ਵੱਲੋਂ ਹੁਣ ਤੱਕ ਪਿੰਡ ਵਿਚ ਪਾਰਕ ਦੀ ਸਹੂਲਤ, ਪਿੰਡ ਦੇ ਸੀਵਰੇਜ ਦੀ ਸਫ਼ਾਈ, ਪਿੰਡ ਦੀਆਂ ਕੰਧਾਂ 'ਤੇ ਪੇਂਟਿੰਗਾਂ ਆਦਿ ਕੰਮ ਕਰਵਾਏ ਗਏ ਹਨ ਤੇ ਇਸ ਤੋਂ ਇਲਾਵਾ ਇਸ ਕਲੱਬ ਨੇ ਹਰਿਆਲੀ ਨੂੰ ਮੁੱਖ ਰੱਖਦਿਆਂ 5000 ਪੌਦੇ ਵੀ ਲਗਾਏ ਹਨ। ਕਲੱਬ ਵੱਲੋਂ ਕੀਤੇ ਇਸ ਉੱਦਮ ਸਦਕਾ ਜ਼ਿਲਾ ਪ੍ਰਸ਼ਾਸਨ ਨੇ ਪਿੰਡ ਨੂੰ ਸਨਮਾਨਿਤ ਵੀ ਕੀਤਾ ਤੇ ਨਾਲ ਹੀ 'ਮੇਰਾ ਪਿੰਡ ਮੇਰਾ ਮਾਣ' ਵਿਚ ਵੀ ਇਹ ਅਵੱਲ ਰਿਹਾ ਹੈ, ਜਿਸ ਕਾਰਨ ਪਿੰਡ ਹੁਣ ਤੱਕ ਢਾਈ ਤੋਂ ਤਿੰਨ ਲੱਖ ਰੁਪਏ ਜਿੱਤ ਚੁੱਕਾ ਹੈ।

ਇਸ ਸੰਬੰਧੀ ਪਿੰਡ ਦੇ ਵਸਨੀਕ ਬਲਦੇਵ ਸਿੰਘ ਨੇ ਵੀ ਕਲੱਬ ਦੇ ਕੀਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਦੱਸਿਆ ਕਲੱਬ ਦੇ ਨੌਜਵਾਨ ਹਰ ਇਕ ਕੰਮ ਵੱਧ ਚੜ ਕੇ ਕਰਦੇ ਹਨ ਤੇ ਸਾਰਿਆਂ ਦੀ ਸਹਾਇਤਾ ਵੀ ਕਰਦੇ ਹਨ। ਕਲੱਬ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਕਲੱਬ ਬਣਾ ਕੇ ਪਿੰਡ ਵਿਚ ਕਾਫ਼ੀ ਕੰਮ ਕੀਤੇ ਹਨ ਤੇ ਪੰਚਾਇਤ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਤੋਂ ਇਲਾਵਾ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਲਈ ਉਨ੍ਹਾਂ ਘਰ-ਘਰ ਕੱਪੜੇ ਦੇ ਬੈਗ ਵੰਡੇ ਹਨ ਤਾਂ ਜੋ ਪਲਾਸਟਿਕ ਦੀ ਵਰਤੋਂ ਨੂੰ ਘਟਾਇਆ ਜਾ ਸਕੇ। ਆਉਣ ਵਾਲੇ ਦਿਨਾਂ ਵਿਚ ਇਹ ਕਲੱਬ ਚਾਹੁੰਦਾ ਹੈ ਕਿ ਪਿੰਡ ਵਿਚ ਪੰਛੀਆਂ ਦੀ ਆਮਦ ਵਧਾਈ ਜਾਵੇ ਤੇ ਆਲ੍ਹਣੇ ਬਣਾ ਕੇ ਉਨ੍ਹਾਂ ਨੂੰ ਰੱਖਿਆ ਜਾਵੇ।

ਜਿੱਥੇ ਪੰਜਾਬ ਦੇ ਕਈ ਪਿੰਡਾਂ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ, ਉੱਥੇ ਹੀ ਇਸ ਪਿੰਡ ਦੇ ਨੌਜਵਾਨਾਂ ਨੇ ਆਪਣੇ ਕਲੱਬ ਰਾਹੀਂ ਪਿੰਡ ਵਿਚੋਂ ਨਸ਼ਾ ਖ਼ਤਮ ਕਰਕੇ ਤੇ ਸਾਫ਼-ਸਫ਼ਾਈ ਕਰਕੇ ਪਿੰਡ ਨੂੰ ਪੂਰੇ ਪੰਜਾਬ ਵਿਚੋਂ ਵੱਖਰਾ ਮਾਣ ਦਿਵਾਇਆ ਹੈ। ਪਿੰਡ ਵਿਚ ਹਰਿਆਲੀ ਲਈ ਵੀ ਇਸ ਕਲੱਬ ਨੇ ਕਈ ਕਦਮ ਚੁੱਕੇ ਨੇ ਤੇ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਦੀਆਂ ਯੋਜਨਾਵਾਂ ਆਦਿ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ,  ਜਿਸ ਕਰਕੇ ਇਹ ਪਿੰਡ ਦੂਜੇ ਪਿੰਡਾਂ ਲਈ ਇਕ ਮਿਸਾਲ ਹੈ।


cherry

Content Editor

Related News