ਵੱਡਾ ਖੁਲਾਸਾ : ਅੰਕਿਤ ਭਾਦੂ ਦਾ ਬਦਲਾ ਲੈਣ ਲਈ ਬਿਸ਼ਨੋਈ ਨੇ ਕੀਤਾ ਸੀ ਮੰਨ੍ਹਾ ਦਾ ਕਤਲ
Friday, Jan 03, 2020 - 10:51 AM (IST)

ਮਲੋਟ (ਜੁਨੇਜਾ, ਕਾਠਪਾਲ, ਗੋਇਲ, ਵਿਕਾਸ, ਜੱਜ) - 2 ਦਸੰਬਰ ਨੂੰ ਮਲੋਟ ਵਿਖੇ ਹੋਏ ਮਨਪ੍ਰੀਤ ਮੰਨਾ ਦੇ ਕਤਲ ਮਾਮਲੇ ਦੇ ਇਕ ਮਹੀਨੇ ਬਾਅਦ ਪੁਲਸ ਨੇ ਖੁਲਾਸਾ ਕਰਦਿਆਂ ਜ਼ਿੰਮੇਵਾਰ 7 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਐੱਸ. ਪੀ. ਗੁਰਮੇਲ ਸਿੰਘ ਅਤੇ ਡੀ. ਐੱਸ. ਪੀ. ਮਲੋਟ ਮਨਮੋਹਨ ਸਿੰਘ ਔਲਖ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਕਤਲ ਮਗਰੋਂ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਬਣਾਈ 'ਸਿਟ' ਨੇ ਕੀਤੀ ਜਾਂਚ ਮਗਰੋਂ ਇਸ ਮਾਮਲੇ ਨੂੰ ਹੱਲ ਕਰ ਦਿੱਤਾ। ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਰਾਜੂ ਬਿਸੋਦੀ ਪੁੱਤਰ ਜਿਲੈ ਸਿੰਘ ਨੇ ਆਪਣੇ ਸਾਥੀ ਅੰਕਿਤ ਭਾਦੂ ਦੇ ਪੁਲਸ ਮੁਕਾਬਲੇ ਦਾ ਬਦਲਾ ਲੈਣ ਲਈ 4 ਸਾਥੀਆਂ ਰਾਜਨ ਪੁੱਤਰ ਬਾਰੂ ਰਾਮ, ਕਪਿਲ ਪੁੱਤਰ ਬਰਜਿੰਦਰ ਜਾਟ, ਰਾਹੁਲ ਪੁੱਤਰ ਨਾਮਲੂਮ ਅਤੇ ਰਜੇਸ਼ ਕਾਡਾ ਪੁੱਤਰ ਮੇਵਾ ਸਿੰਘ ਨਾਲ ਸੰਪਰਕ ਕੀਤਾ। ਨੌਜਵਾਨਾਂ ਨਾਲ ਗੱਲਬਾਤ ਕਰਨ 'ਤੇ ਇਨ੍ਹਾਂ ਨੇ ਮੰਨ੍ਹਾ ਦੇ ਕਤਲ ਦੀ ਸਹਿਮਤੀ ਦੇ ਦਿੱਤੀ।
ਵਾਰਦਾਤ ਤੋਂ ਪਹਿਲਾਂ ਚਾਰਾਂ ਨੌਜਵਾਨਾਂ ਨਾਲ ਮਿਲ ਕੇ ਰੋਹਿਤ ਗੋਂਦਾਰਾ ਪੁੱਤਰ ਸੰਤ ਰਾਮ ਸਵਾਮੀ ਨੇ ਹਥਿਆਰਾਂ ਦਾ ਪ੍ਰਬੰਧ ਕਰਕੇ ਲਾਰੈਂਸ ਦੇ ਕਹਿਣ 'ਤੇ ਮੰਨ੍ਹਾ ਦਾ ਕਤਲ ਕਰ ਦਿੱਤਾ। ਇਸ ਦੀ ਸੂਚਨਾ ਗਿਰੋਹ ਦੇ ਸਰਗਣੇ ਲਾਰੈਂਸ ਬਿਸ਼ਨੋਈ ਨੂੰ ਦਿੱਤੀ, ਜਿਸ ਦੇ ਨਾਂ 'ਤੇ ਬਣੀ ਫੇਸਬੁੱਕ ਆਈ. ਡੀ. 'ਤੇ ਉਨ੍ਹਾਂ ਦੇ ਸਾਥੀ ਕਾਲਾ ਰਾਣਾ ਨੇ ਮੰਨ੍ਹਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ। ਪੁਲਸ ਨੇ ਗਿਰੋਹ ਵਲੋਂ ਕਤਲ ਵਿਚ ਵਰਤੇ 3 ਐੱਮ. ਐੱਮ. ਦੇ ਰਿਵਾਲਵਰ ਬਰਾਮਦ ਕਰ ਲਏ ਹਨ। ਐੱਸ. ਪੀ. ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਦੋਸ਼ੀਆਂ ਨੂੰ ਨਾਮਜ਼ਦ ਕਰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ. ਪੀ. ਮਲੋਟ ਮਨਮੋਹਨ ਸਿੰਘ ਔਲਖ, ਡੀ. ਐੱਸ. ਪੀ. ਜਸਮੀਤ ਸਿੰਘ, ਇੰਸਪੈਕਟਰ ਪਰਮਜੀਤ ਸਿੰਘ ਐੱਸ. ਐੱਚ. ਓ. ਸਦਰ ਮਲੋਟ, ਐੱਸ. ਐੱਸ. ਓ. ਸਿਟੀ ਮਲੋਟ ਅਮਨਦੀਪ ਸਿੰਘ ਬਰਾੜ, ਇੰਸਪੈਕਟਰ ਪ੍ਰਤਾਪ ਸਿੰਘ ਅਤੇ ਏ. ਐੱਸ. ਆਈ. ਜਸਵਿੰਦਰ ਸਿੰਘ ਸਮੇਤ ਪੁਲਸ ਅਧਿਕਾਰੀ ਹਾਜ਼ਰ ਸਨ।
'ਪੰਜਾਬ ਕੇਸਰੀ' ਨੇ ਵੀ ਕੀਤਾ ਸੀ ਖ਼ੁਲਾਸਾ
ਬੇਸ਼ੱਕ ਪੁਲਸ ਨੇ ਮੰਨ੍ਹਾ ਕਤਲ ਮਾਮਲੇ ਨੂੰ ਹੱਲ ਕਰਨ ਲਈ ਸਖਤ ਮਿਹਨਤ ਕੀਤੀ ਹੈ ਅਤੇ ਸਾਰੇ ਦੋਸ਼ੀਆਂ ਦਾ ਖੁਲਾਸਾ ਕਰ ਦਿੱਤਾ ਹੈ। ਪਰ 'ਜਗ ਬਾਣੀ' ਅਤੇ 'ਪੰਜਾਬ ਕੇਸਰੀ' ਵੱਲੋਂ 30 ਦਸੰਬਰ ਨੂੰ ਖੁਲਾਸਾ ਕੀਤਾ ਸੀ ਕਿ ਮੰਨ੍ਹਾ ਦੇ ਕਤਲ ਦਾ ਕਾਰਣ ਲਾਰੈਂਸ ਬਿਸ਼ਨੋਈ ਦੇ ਸਾਥੀ ਅੰਕਿਤ ਭਾਦੂ ਦੇ ਮੁਕਾਬਲੇ ਨਾਲ ਜੁੜਿਆ ਹੈ । ਲਾਰੈਂਸ ਅਤੇ ਸਾਥੀ ਸਮਝਦੇ ਹਨ ਕਿ ਮੰਨ੍ਹਾ ਨੇ ਲਾਰੈਂਸ ਦੀ ਮੁਖਬਰੀ ਕੀਤੀ ਹੈ। ਇਸ ਲਈ ਉਨ੍ਹਾਂ ਉਸ ਦਾ ਕਤਲ ਕਰ ਕੇ ਆਪਣੇ ਸਾਥੀ ਦਾ ਬਦਲਾ ਲਿਆ ਹੈ। ਪੁਲਸ ਨੇ ਵੀ ਅੱਜ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਇਸ ਗੱਲ 'ਤੇ ਮੋਹਰ ਲਾ ਦਿੱਤੀ ਕਿ ਮੰਨ੍ਹਾ ਦਾ ਕਤਲ ਬਿਸ਼ਨੋਈ ਨੇ ਅੰਕਿਤ ਭਾਦੂ ਦਾ ਬਦਲਾ ਲੈਣ ਲਈ ਕੀਤਾ ਹੈ।