ਮਨਪ੍ਰੀਤ ਬਾਦਲ ਤੋਂ ਬਾਅਦ ਬਸਪਾ ਅਤੇ ਖੱਬੇ-ਪੱਖੀਆਂ ਦਾ ਸਾਥ ਚਾਹੁੰਦੀ ਹੈ ਕਾਂਗਰਸ

02/13/2016 9:50:12 AM

ਜਲੰਧਰ— ਸਾਲ 2017 ''ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਕਮੇਟੀ ਨੇ ਗੱਠਜੋੜ ਬਣਾਉਣ ਲਈ ਗੱਲਬਾਤ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਸਪਾ ਅਤੇ ਖੱਬੇ-ਪੱਖੀਆਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਕੈਪਟਨ ਦੀ ਭਾਵੇਂ ਪੰਜਾਬ ਬਸਪਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨਾਲ ਸਿੱਧੇ ਤੌਰ ''ਤੇ  ਬੈਠਕ ਤਾਂ ਨਹੀਂ ਹੋਈ ਪਰ ਉਨ੍ਹਾਂ ਆਪਣੇ ਹਮਾਇਤੀਆਂ ਦੀਆਂ ਡਿਊਟੀਆਂ ਜ਼ਰੂਰ ਲਗਾ ਦਿੱਤੀਆਂ ਹਨ। 
ਕਾਂਗਰਸ ਦਾ ਮੰਨਣਾ ਹੈ ਕਿ ਗੱਠਜੋੜ ਨੂੰ ਲੈ ਕੇ ਆਖਰੀ ਫੈਸਲਾ ਬਸਪਾ ਸੁਪਰੀਮੋ ਮਾਇਆਵਤੀ ਨੇ ਲੈਣਾ ਹੈ। ਕਾਂਗਰਸ ਲੀਡਰਸ਼ਿਪ ਜੇਕਰ ਉਤਰ ਪ੍ਰਦੇਸ਼ ਵਿਚ ਬਸਪਾ ਦੇ ਨਾਲ ਹੱਥ ਮਿਲਾਉਂਦੀ ਹੈ ਤਾਂ ਉਸ ਸਥਿਤੀ ਵਿਚ ਹੀ ਪੰਜਾਬ ਵਿਚ ਦੋਵਾਂ ਪਾਰਟੀਆਂ ਦਰਮਿਆਨ ਗੱਠਜੋੜ ਹੋ ਸਕੇਗਾ। ਕੈਪਟਨ ਦੀ ਕਮਿਊਨਿਸਟ ਨੇਤਾ ਸੀਤਾਰਾਮ ਯੇਚੁਰੀ ਨਾਲ ਵੀ ਬੈਠਕ ਹੋ ਚੁੱਕੀ ਹੈ ਜਿਸ ਵਿਚ ਕਾਂਗਰਸ ਅਤੇ ਖੱਬੇ-ਪੱਖੀਆਂ ਨੂੰ ਆਪਸ ਵਿਚ ਹੱਥ ਮਿਲਾਉਣ ਬਾਰੇ ਗੱਲਬਾਤ ਹੋਈ।
ਸਭ ਤੋਂ ਪਹਿਲਾਂ ਅਮਰਿੰਦਰ ਨੇ ਗੱਠਜੋੜ ਦਾ ਮਾਮਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਾਹਮਣੇ ਉਠਾਇਆ ਸੀ ਜਿਸ ਵਿਚ ਉਨ੍ਹਾਂ ਸੋਨੀਆ ਦੇ ਸਾਹਮਣੇ ਤਿੰਨ ਮੁੱਦੇ ਰੱਖੇ ਸਨ। ਪਹਿਲਾ ਮਨਪ੍ਰੀਤ ਬਾਦਲ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣਾ, ਦੂਜਾ ਖੱਬੇ-ਪੱਖੀਆਂ ਨੂੰ ਨਾਲ ਮਿਲਾਉਣਾ ਅਤੇ ਤੀਜਾ ਬਸਪਾ ਨਾਲ ਗੱਲਬਾਤ ਕਰਨਾ। ਮਨਪ੍ਰੀਤ ਤਾਂ ਕਾਂਗਰਸ ਵਿਚ ਆ ਚੁੱਕੇ ਹਨ। ਹੁਣ ਦੂਜੇ ਦੋਵਾਂ ਮੁੱਦਿਆਂ ਨੂੰ ਲੈ ਕੇ ਕੈਪਟਨ ਯਤਨਸ਼ੀਲ ਦਿਖਾਈ ਦੇ ਰਹੇ ਹਨ। ਪੰਜਾਬ ਵਿਚ ਦਲਿਤਾਂ ਦੀ ਜਨਸੰਖਿਆ 32 ਫੀਸਦੀ ਹੈ। 2012 ਵਿਚ ਬਸਪਾ ਨੇ ਸਾਰੀਆਂ 117 ਸੀਟਾਂ ''ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਭਾਵੇਂ ਉਸਨੂੰ ਇਕ ਵੀ ਸੀਟ ''ਤੇ ਜਿੱਤ ਨਹੀਂ ਮਿਲੀ ਸੀ ਪਰ ਉਹ 4.3 ਫੀਸਦੀ ਵੋਟਾਂ ਲੈ ਗਈ ਸੀ। ਕਾਂਗਰਸ 46 ਸੀਟਾਂ ਜਿੱਤ ਕੇ ਦੂਜੇ ਸਥਾਨ ''ਤੇ ਆਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਿਰਫ 0.8 ਫੀਸਦੀ ਵੋਟਾਂ ਸ਼ੇਅਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ 34 ਫੀਸਦੀ ਵੋਟਾਂ ਮਿਲੀਆਂ ਸਨ। ਕੈਪਟਨ ਦਾ ਮੁਲਾਂਕਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਤਾਂ 2017 ਵਿਚ ਕਾਫੀ ਹੇਠਾਂ ਡਿੱਗ ਜਾਵੇਗਾ ਪਰ ਕਾਂਗਰਸ ਨੂੰ ਹੁਣ ਤੀਜੀ ਸ਼ਕਤੀ ਆਮ ਆਦਮੀ ਪਾਰਟੀ ਨਾਲ ਵੀ ਨਜਿੱਠਣਾ ਪੈਣਾ ਹੈ।

Related News