ਲੁਧਿਆਣਾ ਦੇ ਵਿਕਾਸ ਲਈ ਨਹੀਂ ਆਵੇਗੀ ਫੰਡ ਦੀ ਕਮੀ : ਮਨਪ੍ਰੀਤ ਬਾਦਲ
Friday, Jan 26, 2018 - 05:35 AM (IST)
ਲੁਧਿਆਣਾ(ਹਿਤੇਸ਼)-ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਦੇ ਵਿਕਾਸ ਲਈ ਸਰਕਾਰ ਵੱਲੋਂ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮਨਪ੍ਰੀਤ ਬਾਦਲ ਇਥੇ ਹਲਕਾ ਪੂਰਬੀ ਅਧੀਨ ਆਉਂਦੇ ਸੈਕਟਰ 39 ਵਿਚ ਬਣਨ ਵਾਲੇ ਗਰਲਜ਼ ਕਾਲਜ, ਐਗਜ਼ੀਬੀਸ਼ਨ ਸੈਂਟਰ ਤੇ ਕਲੱਬ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਵਿਧਾਇਕ ਸੰਜੇ ਤਲਵਾੜ ਵੱਲੋਂ ਰੱਖੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੌਜ਼ਰੀ ਤੇ ਇੰਡਸਟਰੀ ਦੇ ਖੇਤਰ 'ਚ ਭਾਰਤ ਨੂੰ ਵਿਸ਼ਵ ਪੱਧਰੀ ਪਛਾਣ ਦਿਵਾਉਣ ਵਾਲੇ ਲੁਧਿਆਣਾ ਨੂੰ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿਚ ਨੰਬਰ-1 ਬਣਾਉਣਾ ਸਰਕਾਰ ਦੀ ਪਹਿਲਕਦਮੀ ਵਿਚ ਸ਼ਾਮਲ ਹੈ। ਜਿਸ ਤਹਿਤ ਐਗਜ਼ੀਬੀਸ਼ਨ ਸੈਂਟਰ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਬਣਾਇਆ ਗਿਆ ਸੀ ਅਤੇ ਸਰਕਾਰੀ ਕਾਲਜ ਬਣਨ ਨਾਲ ਬਜਟ ਵਿਚ ਕੀਤਾ ਗਿਆ ਐਲਾਨ ਪੂਰਾ ਹੋ ਜਾਵੇਗਾ। ਇਸ ਲਈ ਪੈਸਾ ਰਿਜ਼ਰਵ ਪਿਆ ਹੈ ਅਤੇ ਪ੍ਰਾਜੈਕਟਾਂ ਦਾ ਨਿਰਮਾਣ ਇਕ ਸਾਲ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਐੱਮ. ਪੀ. ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਨਾਲ ਪਿਛਲੇ 10 ਸਾਲ ਤੱਕ ਰਾਜ ਕਰਨ ਵਾਲੀ ਅਕਾਲੀ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਅਜਿਹੀਆਂ ਯੋਜਨਾਵਾਂ ਲਾਗੂ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ। ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਅੱਜ ਦਾ ਦਿਨ ਇਸ ਲਈ ਇਤਿਹਾਸਕ ਹੈ ਕਿ ਦਹਾਕਿਆਂ ਬਾਅਦ ਲੁਧਿਆਣਾ 'ਚ ਨਵੇਂ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਐਗਜ਼ੀਬੀਸ਼ਨ ਸੈਂਟਰ ਨੂੰ ਲੈ ਕੇ ਇੰਡਸਟਰੀ ਦੀ ਪਂੈਡਿੰਗ ਮੰਗ ਪੂਰੀ ਹੋਣ ਜਾ ਰਹੀ ਹੈ। ਤਲਵਾੜ ਨੇ ਕਿਹਾ ਕਿ ਕਾਲਜ ਤੇ ਐਗਜ਼ੀਬੀਸ਼ਨ ਸੈਂਟਰ ਤੋਂ ਇਲਾਵਾ ਕਲੱਬ ਦਾ ਨਿਰਮਾਣ ਕਰਨ ਲਈ 15 ਏਕੜ ਜਗ੍ਹਾ ਰਿਜ਼ਰਵ ਕੀਤੀ ਗਈ ਹੈ, ਜਿਸ 'ਤੇ 600 ਕਰੋੜ ਦੀ ਲਾਗਤ ਆਵੇਗੀ, ਜਿਸ ਨਾਲ ਉਨ੍ਹਾਂ ਵਿਰੋਧੀਆਂ ਦੀ ਬੋਲਤੀ ਬੰਦ ਹੋ ਜਾਵੇਗੀ, ਜੋ ਹਲਕਾ ਪੂਰਬੀ ਵਿਚ ਵਿਕਾਸ ਪ੍ਰਾਜੈਕਟਾਂ 'ਤੇ 800 ਕਰੋੜ ਖਰਚ ਹੋਣ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰਦੇ ਹਨ। ਇਸ ਮੌਕੇ ਡੀ. ਸੀ. ਪ੍ਰਦੀਪ ਅਗਰਵਾਲ, ਵਿਧਾਇਕ ਸੁਰਿੰਦਰ ਡਾਬਰ, ਲੀਨਾ ਟਪਾਰੀਆ, ਸੁਸ਼ੀਲ ਪਰਾਸ਼ਰ, ਵਰਿੰਦਰ ਸਹਿਗਲ, ਕੁਲਦੀਪ ਜੰਡਾ, ਹਰਜਿੰਦਰ ਪਾਲ ਸਿੰਘ ਲਾਲੀ, ਸੋਨੂ ਖਿੰਡਾ, ਉਮੇਸ਼ ਸ਼ਰਮਾ, ਸੰਜੀਵਨ ਸ਼ਰਮਾ, ਰਾਜਨ ਟੰਡਨ, ਹੈਪੀ ਰੰਧਾਵਾ, ਵਿਨੀਤ ਭਾਟੀਆ, ਸੁਖਦੇਵ ਬਾਵਾ, ਵਿਜੇ ਕਲਸੀ, ਵਿਪਨ ਵਿਨਾਇਕ, ਜਗਦੀਸ਼ ਲਾਲ, ਨਰੇਸ਼ ਉਪਲ, ਗੌਰਵ ਭੱਟੀ, ਬੱਬੀ ਟਾਂਕ, ਰਾਜੂ ਮਲਹੋਤਰਾ, ਹੈਪੀ ਸ਼ੇਰਪੁਰੀਆ, ਮਿਤੇਸ਼ ਜਿੰਦਲ, ਇੰਦਰਪ੍ਰੀਤ ਰੂਬਲ, ਕੰਵਲਜੀਤ ਬੌਬੀ ਮੌਜੂਦ ਸਨ।
ਪੰਜਾਬ ਦੀ ਖੁਸ਼ਹਾਲੀ ਦੇਖਣ ਲਈ ਕਰਨਾ ਹੋਵੇਗਾ ਸਬਰ, ਅਜੇ ਦੋ ਸਾਲ ਹੋਰ ਪੇਸ਼ ਹੋਵੇਗਾ ਘਾਟੇ ਦਾ ਬਜਟ : ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਜਾਂਦੇ ਹੋਏ ਪੰਜਾਬ ਦਾ ਅਜਿਹਾ ਹਾਲ ਕੀਤਾ ਗਿਆ ਹੈ ਕਿ ਉਸ ਵਿਚ ਸੁਧਾਰ ਕਰਨ ਲਈ ਕਾਫੀ ਸਮਾਂ ਲੱਗ ਜਾਵੇਗਾ, ਜਿਸ ਕਾਰਨ ਪੰਜਾਬ ਦੀ ਖੁਸ਼ਹਾਲੀ ਦੀ ਰਾਹ ਦੇਖਣ ਵਾਲਿਆਂ ਨੂੰ ਅਜੇ ਸਬਰ ਕਰਨਾ ਪਵੇਗਾ। ਮਨਪ੍ਰੀਤ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਿਸ ਤਰ੍ਹਾਂ ਪੰਜਾਬ ਨੇ ਪਿਛਲਾ ਬਜਟ ਘਾਟੇ ਦਾ ਪੇਸ਼ ਕੀਤਾ, ਉਹ ਹਾਲ ਅਜੇ ਦੋ ਸਾਲ ਹੋਰ ਦੇਖਣ ਨੂੰ ਮਿਲੇਗਾ।
ਸਿੱਧੂ ਦੀ ਨਾਰਾਜ਼ਗੀ ਖਤਮ ਹੋਣ ਦਾ ਕੀਤਾ ਦਾਅਵਾ: ਮਨਪ੍ਰੀਤ ਬਾਦਲ ਨੇ ਮੇਅਰ ਚੁਣਨ ਦੀ ਪ੍ਰਕਿਰਿਆ ਵਿਚ ਸਿੱਧੂ ਨੂੰ ਨਜ਼ਰਅੰਦਾਜ਼ ਕਰਨ ਦੇ ਮਾਮਲੇ ਵਿਚ ਇਹ ਕਹਿ ਕੇ ਕੁੱਝ ਜ਼ਿਆਦਾ ਬੋਲਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਦੱਸ ਸਕਦੇ ਹਨ। ਜਿਥੋਂ ਤੱਕ ਕਿ ਸਿੱਧੂ ਦੀ ਸੀ. ਐੱਮ. ਨਾਲ ਨਾਰਾਜ਼ਗੀ ਦੀ ਗੱਲ ਹੈ, ਅਜਿਹੀ ਕੋਈ ਗੱਲ ਉਨ੍ਹਾਂ ਨੂੰ ਹੋਈ ਕੈਬਨਿਟ ਦੀ ਬੈਠਕ ਵਿਚ ਦੇਖਣ ਨਹੀਂ ਮਿਲੀ। ਇਥੋਂ ਤੱਕ ਕਿ ਸਿੱਧੂ ਨੇ ਮੀਟਿੰਗ ਵਿਚ ਪੇਸ਼ ਕੀਤੇ ਗਏ ਹਰ ਏਜੰਡੇ 'ਤੇ ਸੁਝਾਅ ਦੇਣ ਤੋਂ ਇਲਾਵਾ ਆਪਣੀ ਸਹਿਮਤੀ ਵੀ ਦਿੱਤੀ।
ਨਹੀਂ ਬਣੇਗਾ ਕੋਈ ਡਿਪਟੀ ਸੀ. ਐੱਮ. : ਪੰਜਾਬ ਕੈਬਨਿਟ ਦੇ ਵਿਸਤਾਰ ਸਮੇਂ ਡਿਪਟੀ ਸੀ. ਐੱਮ. ਬਣਾਏ ਜਾਣ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਨੂੰ ਮਨਪ੍ਰੀਤ ਬਾਦਲ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਜਾਂ ਸਿੱਧੂ 'ਚੋਂ ਕਿਸੇ ਇਕ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਸਵਾਲ 'ਤੇ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਵਿਚ ਅਜਿਹੀ ਕੋਈ ਵਿਵਸਥਾ ਨਹੀਂ ਹੁੰਦੀ। ਹਾਲਾਂਕਿ ਇਸ ਤੋਂ ਪਹਿਲਾਂ ਰਜਿੰਦਰ ਕੌਰ ਭੱਠਲ ਨੂੰ ਡਿਪਟੀ ਸੀ. ਐੱਮ. ਬਣਾਏ ਜਾਣ ਦੀ ਗੱਲ ਆਉਣ 'ਤੇ ਵਿੱਤ ਮੰਤਰੀ ਨੇ ਸਵਾਲ ਟਾਲ ਦਿੱਤਾ।
ਟਿਕਟਾਂ ਮੰਗਣ ਵਾਲਿਆਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ: ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਸਬੰਧੀ ਰੱਖੇ ਗਏ ਪ੍ਰੋਗਰਾਮ ਦਾ ਫਾਇਦਾ ਲੈਂਦੇ ਹੋਏ ਨਗਰ ਨਿਗਮ ਚੋਣਾਂ 'ਚ ਕਾਂਗਰਸ ਟਿਕਟ ਲਈ ਦਾਅਵੇਦਾਰੀ ਜਤਾਉਣ ਵਾਲਿਆਂ ਨੇ ਜੰਮ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਜੋ ਆਪਣੇ ਇਲਾਕੇ ਤੋਂ ਸਮਰਥਕਾਂ ਨੂੰ ਨਾਲ ਲੈ ਕੇ ਆਏ ਹੀ ਸਨ, ਉਨ੍ਹਾਂ ਨੇ ਸਮਾਰੋਹ ਸਥਾਨ ਨੂੰ ਵੀ ਆਪਣੇ ਹੋਰਡਿੰਗਾਂ ਤੇ ਬੈਨਰਾਂ ਨਾਲ ਭਰ ਦਿੱਤਾ ਸੀ।
