ਮਨਪ੍ਰੀਤ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਸਪੈਸ਼ਲ ਗਿਰਦਾਵਰੀ ਦੀ ਮੰਗ
Wednesday, Aug 20, 2025 - 11:59 AM (IST)

ਜਲਾਲਾਬਾਦ (ਸੁਮਿਤ, ਟੀਨੂੰ, ਬਜਾਜ, ਬੰਟੀ, ਆਦਰਸ਼, ਜਤਿੰਦਰ) : ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਜਲਾਲਾਬਾਦ ਹਲਕੇ ਦੇ ਪਿੰਡ ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ, ਢੰਡੀ ਕਦੀਮ, ਆਤੂਵਾਲਾ ਅਤੇ ਸੰਤੋਖ ਸਿੰਘ ਵਾਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਲੋਕਾਂ ਨਾਲ ਦੁੱਖ-ਦਰਦ ਸਾਂਝੇ ਕੀਤੇ ਅਤੇ ਪਰਿਵਾਰਾਂ ਨੂੰ ਹੌਂਸਲਾ ਦਿੰਦੇ ਹੋਏ ਕੇਂਦਰ ਤੇ ਸੂਬਾ ਸਰਕਾਰ ਨੂੰ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਵੇ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸੂਬਾ ਉਪ ਪ੍ਰਧਾਨ ਮੋਨਾ ਜੈਸਵਾਲ, ਮੰਡਲ ਪ੍ਰਧਾਨ ਘੁਬਾਇਆ ਜਗਤਾਰ ਸਿੰਘ ਵੀ ਮੌਜੂਦ ਸਨ।
ਭਾਜਪਾ ਆਗੂਆਂ ਨੇ ਮਿਲ ਕੇ ਹੜ੍ਹ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਕੇਂਦਰ ਪੱਧਰ ’ਤੇ ਮਦਦ ਲਈ ਹਰ ਯਤਨ ਕੀਤਾ ਜਾਵੇਗਾ। ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਮੁੜ ਵਸੇਬੇ ਲਈ ਕੇਂਦਰ ਸਰਕਾਰ ਵੱਲੋਂ ਹਰੇਕ ਸਟੇਟ ਲਈ ਡਿਜ਼ਾਸਟਰ ਰਿਸਪਾਂਸ ਫੰਡ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਵੇਲੇ ਪੰਜਾਬ ਦੇ ਖਾਤੇ ’ਚ ਤਕਰੀਬਨ 7 ਹਜ਼ਾਰ ਕਰੋੜ ਰੁਪਏ ਇਸ ਫੰਡ ਹੇਠ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪੰਜਾਬ ਸਰਕਾਰ ਵੱਲੋਂ ਨੁਕਸਾਨ ਦੀ ਅਧਿਕਾਰਤ ਰਿਪੋਰਟ ਭੇਜੀ ਜਾਵੇਗੀ, ਕੇਂਦਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਫੰਡ ਜਾਰੀ ਹੋ ਸਕਦਾ ਹੈ।
ਇਹ ਰਕਮ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ, ਖੇਤੀਬਾੜੀ ਅਤੇ ਘਰਾਂ ਦੇ ਮੁੜ ਨਿਰਮਾਣ ਲਈ ਵਰਤੀ ਜਾ ਸਕਦੀ ਹੈ ਪਰ ਨਿਰਾਸ਼ਾਜਨਕ ਚੱਲਦਾ ਹੈ ਕਿ ਗੱਲ ਹੈ ਕੀ ਮੁੱਖ ਮੰਤਰੀ ਪੰਜਾਬ ਜਾ ਪੰਜਾਬ ਦੇ ਕਿਸੇ ਮੰਤਰੀ ਨੇ ਹਾਲੇ ਤੱਕ ਹੜ੍ਹ ਪੀੜਤਾਂ ਦੀ ਕੋਈ ਸਾਰ ਨਹੀਂ ਲਈ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤਾਂ ਜੋ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਲਦ ਤੋਂ-ਜਲਦ ਰਾਹਤ ਮਿਲ ਸਕੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਜਪਾ ਹੜ੍ਹ ਪੀੜਤਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਹਾਲਤ ’ਚ ਕਿਸਾਨਾਂ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਰਾਜਨੀਤਿਕ ਦਲਾਂ ਤੋਂ ਉਪਰ ਉਠ ਕੇ ਇਸ ਸਮੇਂ ਲੋਕਾਂ ਦੀ ਸਹਾਇਤਾ ਲਈ ਇਕੱਠੇ ਹੋਣਾ ਚਾਹੀਦਾ ਹੈ।