ਵਿੱਤ ਮੰਤਰੀ ਦੇ ਇਤਰਾਜ਼ਯੋਗ ਪੋਸਟਰ ਲਾ ਕੇ ਕਰਮਚਾਰੀਆਂ ਨੇ ਕੀਤਾ ਵਿਰੋਧ
Tuesday, Dec 10, 2019 - 01:39 PM (IST)
ਚੰਡੀਗੜ੍ਹ (ਬਿਊਰੋ) : ਤਨਖਾਹ ਨਾ ਮਿਲਣ ਤੋਂ ਗੁੱਸੇ 'ਚ ਆਏ ਕਰਮਚਾਰੀਆਂ ਨੇ ਸੋਮਵਾਰ ਨੂੰ ਸਿੱਧੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਤਕਨੀਕੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੇ ਦਫ਼ਤਰ ਦੇ ਬਾਹਰ ਵਿੱਤ ਮੰਤਰੀ ਦੇ ਇਤਰਾਜ਼ਯੋਗ ਪੋਸਟਰ ਲਾਏ। ਇਸ ਪੋਸਟਰ 'ਚ ਕਰਮਚਾਰੀਆਂ ਨੇ ਵਿੱਤ ਮੰਤਰੀ ਨੂੰ ਭੀਖ ਮੰਗਣ ਦੀ ਨਸੀਹਤ ਦਿੰਦੇ ਹੋਏ ਲਿਖਿਆ ਕਿ 'ਨਵੇਂ ਟੈਕਸ ਲਾਏ, ਵਿਕਾਸ ਪ੍ਰੋਜੈਕਟ ਬੰਦ ਕੀਤੇ, ਲੋਕ ਭਲਾਈ ਯੋਜਨਾਵਾਂ 'ਤੇ ਕਾਂਟਾ ਫੇਰਿਆ, ਤਨਖਾਹਾਂ ਕੱਟੀਆਂ ਪਰ ਖਜ਼ਾਨਾ ਫਿਰ ਖਾਲੀ ਦਾ ਖਾਲੀ, ਹੁਣ ਭੀਖ ਮੰਗਣੀ ਹੀ ਬਾਕੀ ਰਹਿ ਗਈ, ਉਹ ਵੀ ਮੰਗ ਕੇ ਦੇਖ ਲਓ ਮੰਤਰੀ ਸਾਹਿਬ'।
ਇਸ ਤੋਂ ਪਹਿਲਾਂ ਸਾਂਝਾ ਮੁਲਾਜ਼ਮ ਮੰਚ ਦੇ ਬੈਨਰ ਹੇਠ ਪੰਜਾਬ ਅਤੇ ਯੂ. ਟੀ. ਦੀ ਚੰਡੀਗੜ੍ਹ ਯੂਨਿਟ ਨੇ ਦੁਪਹਿਰ 1 ਵਜੇ ਤੋਂ 2:30 ਵਜੇ ਤੱਕ ਸੈਕਟਰ-17 'ਚ ਕਲਮ ਛੋੜ ਹੜਤਾਲ ਕੀਤੀ। ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਗਈ ਹੈ। ਇਸ ਸਬੰਧੀ ਐਸੋਸੀਏਸ਼ਨ ਅਤੇ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਪੰਜਾਬ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ 'ਚ ਸਰਕਾਰ ਦੇ ਨੋਟਿਸ 'ਚ ਲਿਆਂਦਾ ਗਿਆ ਕਿ ਜੇਕਰ ਵਿੱਤ ਵਿਭਾਗ ਨੂੰ ਖਤਮ ਕਰਨ ਸਬੰਧੀ ਕੋਈ ਫੈਸਲਾ ਲਿਆ ਗਿਆ ਹੈ ਤਾਂ ਜੁਆਇੰਟ ਐਕਸ਼ਨ ਕਮੇਟੀ ਵੱਡਾ ਐਕਸ਼ਨ ਸ਼ੁਰੂ ਕਰ ਦੇਵੇਗੀ। ਕਮੇਟੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਿੱਤ ਵਿਭਾਗ ਅਤੇ ਪਰਸੋਨਲ ਵਿਭਾਗ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਤਾਂ ਕਰਮਚਾਰੀਆਂ ਦੇ ਸੈਕਸ਼ਨ ਪਦ ਖਤਮ ਹੋਣ ਕਾਰਣ ਤਰੱਕੀ 'ਚ ਕਮੀ ਆਵੇਗੀ। ਨਾਲ ਹੀ, ਸਰਕਾਰ ਦੀ ਤਾਕਤ ਵੀ ਘੱਟ ਹੋਵੇਗੀ ਕਿਉਂਕਿ ਸਰਕਾਰ ਦੀ ਅਸਲ ਤਾਕਤ ਸਕੱਤਰੇਤ 'ਚ ਹੀ ਹੈ। ਜੇਕਰ ਸਰਕਾਰ ਸਕੱਤਰੇਤ ਨੂੰ ਹੀ ਖਤਮ ਕਰਦੀ ਹੈ ਤਾਂ ਇਹ ਸਰਕਾਰ ਲਈ ਆਤਮ-ਹੱਤਿਆ ਕਰਨ ਨਾਲੋਂ ਘੱਟ ਨਹੀਂ ਹੋਵੇਗਾ।
ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਤਨਖਾਹ ਅਦਾਇਗੀ 'ਚ ਦੇਰ ਕਰ ਰਹੀ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਗਈ ਹੈ, ਨੂੰ ਤੱਤਕਾਲ ਤਨਖਾਹ ਦਿੱਤੀ ਜਾਵੇ। ਖਹਿਰਾ ਨੇ ਕਿਹਾ ਕਿ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਵਿੱਤ ਵਿਭਾਗ ਦੀ ਕਾਰਜਪ੍ਰਣਾਲੀ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਬੈਠਕ 'ਚ ਜੁਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰ ਐੱਨ.ਪੀ. ਸਿੰਘ, ਸੁਸ਼ੀਲ ਕੁਮਾਰ ਫੌਜੀ, ਗੁਰਪ੍ਰੀਤ ਸਿੰਘ, ਨੀਰਜ ਕੁਮਾਰ ਅਤੇ ਸ਼ੁਭਕਰਨ ਵੀ ਮੌਜੂਦ ਸਨ।