ਮੰਨਾ ਕਤਲ ਕਾਂਡ : ਪੁਲਸ ਐਨਕਾਊਂਟਰ ਤੋਂ ਬਾਅਦ ਤਿੰਨ ਗੈਂਗਸਟਰ ਗ੍ਰਿਫਤਾਰ

06/29/2016 4:28:07 PM

ਹੁਸ਼ਿਆਰਪੁਰ (ਅਸ਼ਵਨੀ)— 21 ਮਈ ਨੂੰ ਊਨਾ ਰੋਡ ''ਤੇ ਸਥਿਤ ਸਵਾਮੀ ਸਰਵਾਨੰਦ ਗਿਰੀ ਰਿਜ਼ਨਲ ਸੈਂਟਰ ਦੇ ਲਾਅ ਦੇ ਇਕ ਵਿਦਿਆਰਥੀ ਮਨਪ੍ਰੀਤ ਸਿੰਘ ਉਰਫ ਮੰਨਾ ਕਤਲ ਕਾਂਡ ''ਚ ਸ਼ਾਮਲ 3 ਹੋਰ ਦੋਸ਼ੀਆਂ ਨੂੰ ਪੁਲਸ ਨੇ ਗੜ੍ਹਸ਼ੰਕਰ ਕੋਲ ਹੋਏ ਐੱਨਕਾਉਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦਾ ਖੁਲਾਸਾ ਬੁੱਧਵਾਰ ਨੂੰ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਪ੍ਰੈੱਸ ਕਾਨਫਰੰਸ ਦੌਰਾਨ ਚਾਹਲ ਨੇ ਦੱਸਿਆ ਕਿ ਬੀਤੇ ਦਿਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੜ੍ਹਸ਼ੰਕਰ-ਨੰਗਲ ਰੋਡ ''ਤੇ ਸ਼ੱਕੀ ਹਾਲਤ ''ਚ ਇਕ ਕਾਰ ਘੁੰਮ ਰਹੀ ਹੈ। ਇਹ ਸੂਚਨਾ ਮਿਲਦਿਆਂ ਹੀ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕਾਂਗੜਾ ਤੇ ਜ਼ਿਲਾ ਊਨਾ ਅਤੇ ਜ਼ਿਲਾ ਰੂਪ ਨਗਰ ਰੋਪੜ ਦੀ ਪੁਲਸ ਨਾਲ ਮਿਲ ਕੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਪੁਲਸ ਦੀ ਨਾਕਾਬੰਦੀ ਦੌਰਾਨ ਸ਼ਾਮ 7.15 ਵਜੇ ਨੰਗਲ ਵੱਲੋਂ ਆਈ ਇਕ ਯਾਇਲੋ ਕਾਰ ਜਿਸ ''ਚ 3 ਗੈਂਗਸਟਰ ਸਵਾਰ ਸਨ ਨੂੰ ਰੁਕਣ ਦਾ ਇਸ਼ਾਰਾ ਕਰਨ ''ਤੇ ਚਾਲਕ ਨੇ ਗੱਡੀ ਬੀਣੇਵਾਲ ਵੱਲ ਮੋੜ ਲਈ। ਗੱਡੀ ਵਿਚ ਬੈਠੇ ਇਕ ਗੈਂਗਸਟਰ ਨੇ ਪੁਲਸ ''ਤੇ ਫਾਇਰ ਕੀਤਾ। ਪੁਲਸ ਨੇ ਟਾਇਰ ''ਤੇ ਫਾਇਰ ਕੀਤਾ, ਜਿਸ ਨਾਲ ਗੱਡੀ ਪੱਥਰਾਂ ਵਿਚ ਫਸ ਗਈ। ਪੁਲਸ ਨੇ ਤਿੰਨੋਂ ਗੈਂਗਸਟਰ ਸਤਵਿੰਦਰ ਸਿੰਘ ਉਰਫ ਕਾਲਾ ਪੁੱਤਰ ਹਰਦੇਵ ਸਿੰਘ ਵਾਸੀ ਫਲਾਹੀ, ਸਤਨਾਮ ਚੌਧਰੀ ਉਰਫ ਅਮਨਾ ਪਹਿਲਵਾਨ ਪੁੱਤਰ ਮਦਨ ਲਾਲ ਵਾਸੀ ਹਾਜੀਪੁਰ ਥਾਣਾ ਗੜ੍ਹਸ਼ੰਕਰ ਤੇ ਭੁਪਿੰਦਰ ਸਿੰਘ ਉਰਫ ਸੋਨੂੰ ਪੁੱਤਰ ਵਿਜੇ ਕੁਮਾਰ ਵਾਸੀ ਮੜੂਲੀ ਬ੍ਰਾਹਮਣਾ ਨੂੰ ਕਾਬੂ ਕੀਤਾ। ਇਨ੍ਹਾਂ ਦੇ ਕਬਜ਼ੇ ਵਿਚੋਂ 2 ਕਿੱਲੋ ਸਮੈਕ, 2 ਪਿਸਤੌਲ, 7.65 ਐੱਮ. ਐੱਮ, ਇਕ ਦੇਸੀ ਪਿਸਤੌਲ 315 ਬੋਰ, ਇਕ ਗਨ ਸਿੰਗਲ ਬੈਰਲ 12 ਬੋਰ, 7.65 ਐੱਮ. ਐੱਮ. 315 ਬੋਰ ਤੇ 12 ਬੋਰ ਦੇ 12 ਜਿਉਂਦਾ ਰੌਂਦ, 2 ਖਾਲੀ ਰੌਂਦ ਤੇ 3 ਮਿਸ ਰੌਂਦ ਬਰਾਮਦ ਹੋਏ।
ਪੁੱਛਗਿੱਛ ਦੌਰਾਨ ਸਤਵਿੰਦਰ ਸਿੰਘ ਉਰਫ ਕਾਲਾ ਫਲਾਹੀ ਨੇ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ 21 ਮਈ ਨੂੰ ਸਵਾਮੀ ਸਰਵਾਨੰਦ ਗਿਰੀ ਰਿਜ਼ਨਲ ਸੈਂਟਰ ''ਚ ਲਾਅ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ। ਇਸ ਘਟਨਾ ਦੇ ਸਬੰਧ ''ਚ ਪੁਲਸ 2 ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੋਸ਼ੀ ਖਿਲਾਫ਼ ਹੱਤਿਆ, ਲੁੱਟ-ਖੋਹ ਦੇ ਦੋਸ਼ ''ਚ 5 ਕੇਸ ਪਹਿਲਾਂ ਵੀ ਜ਼ਿਲਾ ਰੋਪੜ, ਹੁਸ਼ਿਆਰਪੁਰ ਤੇ ਜਲੰਧਰ ਆਦਿ ਵਿਚ ਦਰਜ ਹਨ।
ਉਨ੍ਹਾਂ ਦੱਸਿਆ ਕਿ ਮੰਨਾ ਦੀ ਹੱਤਿਆ ਦੀ ਯੋਜਨਾ ਕਾਲਾ ਫਲਾਹੀ ਨੇ ਅੰਮ੍ਰਿਤਸਰ ਜੇਲ ਵਿਚ ਬੰਦ ਵਿੰਨੀ ਗੁੱਜਰ ਨਾਲ ਮਿਲ ਕੇ ਬਣਾਈ ਸੀ। ਹੱਤਿਆ ਇਕ ਕਾਲਜ ਦੀ ਯੂਨੀਅਨ ਦਾ ਝਗੜਾ ਜੋ 2014 ਤੇ 2015 ''ਚ ਹੋਇਆ ਸੀ, ਦੇ ਚੱਲਦਿਆਂ ਕੀਤੀ ਗਈ। ਦੋਸ਼ੀਆਂ ਦੀ ਇਕ ਹੋਰ ਨੌਜਵਾਨ ਨੂੰ ਮਾਰਨ ਦੀ ਵੀ ਯੋਜਨਾ ਸੀ, ਪ੍ਰੰਤੂ ਉਹ ਸਿਰੇ ਨਹੀਂ ਚੜ੍ਹ ਸਕੀ। 


Gurminder Singh

Content Editor

Related News