ਕਤਲ ਹੋਈ ਔਰਤ 15 ਦਿਨਾਂ ਬਾਅਦ ਦਰਬਾਰ ਸਾਹਿਬ ਤੋਂ ਜਿਊਂਦੀ ਹੋਈ ਬਰਾਮਦ
Friday, Jun 21, 2024 - 06:41 PM (IST)
ਧਰਮਕੋਟ (ਅਕਾਲੀਆਂ ਵਾਲਾ) : ਸ਼ਹਿਰ ਧਰਮਕੋਟ ਦੇ ਜਲੰਧਰ ਬਾਈਪਾਸ ’ਤੇ ਰਹਿੰਦੇ ਨਿੱਕੇ ਜਿਹੇ ਪਰਿਵਾਰ ਜਿਸ ਵਿਚ ਸਿਰਫ ਨੂੰਹ-ਸੱਸ ਹੀ ਰਹਿੰਦੀਆਂ ਸਨ ਅਤੇ ਉਨ੍ਹਾਂ ਘਰ ’ਚ ਕਮਾਉਣ ਵਾਲਾ ਇਕੋ-ਇਕ ਮੈਂਬਰ ਅਮਨਜੋਤ ਸਿੰਘ ਉਰਫ ਜੋਤੀ ਦੁਬੱਈ ’ਚ ਕਮਾਈ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਹੈ। ਪਿਛਲੇ ਦਿਨੀਂ 2 ਜੂਨ ਨੂੰ ਅਮਨਜੋਤ ਸਿੰਘ ਉਰਫ ਜੋਤੀ ਦੀ ਮਾਤਾ ਸੁਖਵੰਤ ਕੌਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਨ ਲਈ ਘਰੋਂ ਚਲੀ ਗਈ ਪਰ ਕੁਝ ਦਿਨ ਬੀਤਣ ਦੇ ਬਾਵਜੂਦ ਜਦੋਂ ਮਾਤਾ ਸੁਖਵੰਤ ਕੌਰ ਵਾਪਸ ਨਾ ਆਈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸੰਪਰਕ ਹੋਇਆ ਤਾਂ ਉਨ੍ਹਾਂ ਦੀ ਨੂੰਹ ਵੱਲੋਂ ਗੁੰਮਸ਼ੁਦਾ ਦੀ ਇਤਲਾਹ ਥਾਣਾ ਧਰਮਕੋਟ ਵਿਖੇ ਦਿੱਤੀ ਗਈ, ਜਿਸ ’ਤੇ ਥਾਣਾ ਮੁਖੀ ਨੇ ਤਫਤੀਸ਼ ਜਾਰੀ ਕਰ ਦਿੱਤੀ। ਮਾਤਾ ਸੁਖਵੰਤ ਕੌਰ ਦੇ ਜੇਠ ਗੁਰਜੇਬ ਸਿੰਘ ਨੇ ਵੀ ਥਾਣਾ ਧਰਮਕੋਟ ਵਿਖੇ ਦਰਖ਼ਾਸਤ ਦਿੱਤੀ ਕਿ ਉਨ੍ਹਾਂ ਦੀ ਭਰਜਾਈ ਦੀ ਭਾਲ ਡੁੰਘਾਈ ’ਚ ਕੀਤੀ ਜਾਵੇ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਜਾਵੇ। ਧਰਮਕੋਟ ਪੁਲਸ ਵੱਲੋਂ ਸ਼ੱਕ ਦੇ ਆਧਾਰ ’ਤੇ ਜਦੋਂ ਨੂੰਹ ਅਤੇ ਉਸ ਦੇ ਮਾਮੇ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਤਲ ਕਰਨ ਦਾ ਜੁਰਮ ਕਬੂਲ ਕੀਤਾ ਗਿਆ।
ਇਹ ਵੀ ਪੜ੍ਹੋ : ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਕਮਰੇ ਦੀ ਛੱਤ ਡਿੱਗਣ ਕਾਰਣ ਇਕ ਦੀ ਮੌਤ
ਦੂਜੇ ਪਾਸੇ ਹੈਰਾਨਗੀ ਉਦੋਂ ਹੋਈ ਜਦੋਂ ਸੁਖਵੰਤ ਕੌਰ ਦੇ ਲੜਕੇ ਅਮਨਜੋਤ ਸਿੰਘ ਨੂੰ ਦੁਬਈ ਵਿਖੇ ਵਟਸਐਪ ’ਤੇ ਦਰਬਾਰ ਸਾਹਿਬ ਦੇ ਕਿਸੇ ਸੇਵਾਦਾਰ ਨੇ ਮਾਤਾ ਸੁਖਵੰਤ ਕੌਰ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਕਰਵਾਈ ਤਾਂ ਉਸ ਉਪਰੰਤ ਅਮਨਜੋਤ ਸਿੰਘ ਨੇ ਧਰਮਕੋਟ ਆਪਣੇ ਵਾਰਡ ਦੇ ਐੱਮ. ਸੀ. ਗੁਰਪਿੰਦਰ ਸਿੰਘ ਚਾਹਲ ਨੂੰ ਫੋਨ ਰਾਹੀਂ ਸਾਰੀ ਜਾਣਕਾਰੀ ਦਿੱਤੀ ਅਤੇ ਰਾਤ ਨੂੰ ਹੀ ਦੁਬਈ ਤੋਂ ਅੰਮ੍ਰਿਤਸਰ ਆ ਗਿਆ। ਇਸ 'ਤੇ ਗੁਰਪਿੰਦਰ ਸਿੰਘ ਚਾਹਲ ਐੱਮ. ਸੀ. ਨੇ ਇਸ ਬਾਰੇ ਧਰਮਕੋਟ ਪ੍ਰੈੱਸ ਕਲੱਬ ਦੇ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ।
ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਅੰਨ੍ਹੇਵਾਹ ਗੋਲ਼ੀਆਂ ਮਾਰ ਕੇ 18 ਸਾਲਾ ਮੁੰਡੇ ਦਾ ਕਤਲ
ਉਸ ਉਪਰੰਤ ਐੱਮ. ਸੀ. ਅਤੇ ਕਲੱਬ ਪ੍ਰਧਾਨ ਵੱਲੋਂ ਇਹ ਸਾਰੀ ਜਾਣਕਾਰੀ ਧਰਮਕੋਟ ਦੇ ਡੀ. ਐੱਸ. ਪੀ. ਦੇ ਧਿਆਨ ਵਿਚ ਲਿਆਂਦੀ ਗਈ। ਗੁਰਪਿੰਦਰ ਸਿੰਘ ਚਾਹਲ ਐੱਮ. ਸੀ. ਅਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਦੀ ਮਿਹਨਤ ਸਦਕਾ ਮਾਤਾ ਸੁਖਵੰਤ ਕੌਰ ਨੂੰ ਪ੍ਰੈੱਸ ਕਲੱਬ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਗੁਰਪਿੰਦਰ ਸਿੰਘ ਚਾਹਲ ਨੇ ਡੀ. ਐੱਸ. ਪੀ. ਦੀ ਹਾਜ਼ਰੀ ਵਿਚ ਧਰਮਕੋਟ ਪੁਲਸ ਥਾਣੇ ਦੇ ਅੰਦਰ ਮਾਤਾ ਸੁਖਵੰਤ ਕੌਰ ਨੂੰ ਪੇਸ਼ ਕੀਤਾ ਗਿਆ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜੇ ਤੂੰ ਕਾਰਵਾਈ ਤੋਂ ਬਚਣਾ ਹੈ ਤਾਂ ਮੇਰੇ ਨਾਲ ਰਾਤ ਗੁਜ਼ਾਰ ਨਹੀਂ ਤਾਂ ਮੈਨੂੰ 30 ਹਜ਼ਾਰ ਰੁਪਏ ਦੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8