ਗੈਂਗਸਟਰ ਗੋਲਡੀ ਬਰਾੜ ਦੀ ਕਥਿਤ ਆਡੀਓ ਵਾਇਰਲ; ਸਿੱਧੂ ਮੂਸੇਵਾਲਾ ਦੇ ਕਤਲ ਦੀ ਦੱਸੀ ਵਜ੍ਹਾ

Tuesday, Jun 04, 2024 - 12:50 AM (IST)

ਗੈਂਗਸਟਰ ਗੋਲਡੀ ਬਰਾੜ ਦੀ ਕਥਿਤ ਆਡੀਓ ਵਾਇਰਲ; ਸਿੱਧੂ ਮੂਸੇਵਾਲਾ ਦੇ ਕਤਲ ਦੀ ਦੱਸੀ ਵਜ੍ਹਾ

ਜਲੰਧਰ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਦੀ ਇਕ ਆਡੀਓ ਵਾਇਰਲ ਹੋਈ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਆਡੀਓ ਵਿਚ ਬੋਲਣ ਵਾਲਾ ਵਿਅਕਤੀ ਗੋਲਡੀ ਬਰਾੜ ਹੈ। ਹਾਲਾਂਕਿ ‘ਜਗ ਬਾਣੀ’ ਇਸ ਆਡੀਓ ਦੇ ਦਾਅਵੇ ਅਤੇ ਆਵਾਜ਼ ਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਆਡੀਓ ਵਿਚ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਪਰਿਵਾਰ ਦਾ ਜ਼ਿਕਰ ਕੀਤਾ ਹੈ। ਉਸ ਨੇ ਸਿੱਧੂ ਮੂਸੇਵਾਲਾ ਨੂੰ ਸਿੱਖ ਵਿਰੋਧੀ ਦੱਸਿਆ ਹੈ। ਉਸ ਨੇ ਕਿਹਾ ਹੈ ਕਿ ਉਹ ਜਿਸ ਸੁਸਾਇਟੀ ਦਾ ਹਿੱਸਾ ਹੈ, ਉਸ ਵਿਚ ਕੋਈ ਵੀ ਆਉਣਾ ਨਹੀਂ ਚਾਹੁੰਦਾ। ਗੋਲਡੀ ਨੇ ਆਡੀਓ ਵਿਚ ਕਿਹਾ ਕਿ ਉਹ ਆਪਣੇ-ਆਪ ਨੂੰ ਸਹੀ ਸਾਬਿਤ ਕਰਨ ਲਈ ਇਹ ਆਡੀਓ ਸ਼ੇਅਰ ਨਹੀਂ ਕਰ ਰਿਹਾ ਹੈ।

ਆਡੀਓ ਵਿਚ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਪੰਥਕ ਸੋਚ ਵਾਲਾ ਵਿਅਕਤੀ ਸੀ। ਉਸ ਦਾ ਪਿਤਾ ਬਲਕੌਰ ਸਿੰਘ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ ਹੈ। ਗੋਲਡੀ ਅਨੁਸਾਰ ਮੂਸੇਵਾਲਾ ਦੀ ਸੋਚ ਉਸ ਦੇ ਪਿਤਾ ਦੀ ਸੋਚ ਵਾਲੀ ਹੀ ਸੀ। ਉਸ ਨੇ ਅੱਗੇ ਕਿਹਾ ਕਿ ਜਦੋਂ ਤੋਂ ਮੂਸੇਵਾਲਾ ਦੀ ਵੋਟ ਬਣੀ ਹੈ, ਉਸ ਨੇ ਸਿਰਫ ਕਾਂਗਰਸ ਨੂੰ ਹੀ ਵੋਟ ਪਾਈ ਹੈ। 1984 ਸਮੇਤ ਕਈ ਸਿੱਖਾਂ ਨਾਲ ਬੇਇਨਸਾਫ਼ੀ ਦੇ ਮਾਮਲੇ ਸਾਹਮਣੇ ਆਏ ਹਨ ਪਰ ਮੂਸੇਵਾਲਾ ਦੇ ਪਿਤਾ ਕਹਿ ਰਹੇ ਹਨ ਕਿ ਉਨ੍ਹਾਂ ਨੇ ਕਾਂਗਰਸ ਤੋਂ ਇਲਾਵਾ ਕਿਸੇ ਹੋਰ ਨੂੰ ਵੋਟ ਨਹੀਂ ਪਾਈ। ਜੇਕਰ ਲੋਕ ਫਿਰ ਵੀ ਉਨ੍ਹਾਂ ਨੂੰ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦੀ ਮਰਜ਼ੀ ਹੈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਧਾਨ ਸਭਾ ਉਪ-ਚੋਣਾਂ ਦੀ ਤਸਵੀਰ ਵੀ ਹੋਵੇਗੀ ਸਾਫ

ਉਸ ਨੇ ਇਹ ਵੀ ਕਿਹਾ ਕਿ ਮੂਸੇਵਾਲਾ 5 ਜੂਨ ਨੂੰ ਦਿੱਲੀ ਵਿਚ ਇਕ ਸ਼ੋਅ ਕਰਨ ਵਾਲਾ ਸੀ। 5 ਜੂਨ ਸਿੱਖ ਕੌਮ ਲਈ ਭਾਰੀ ਦਿਨ ਹੁੰਦਾ ਹੈ, ਕਿਉਂਕਿ ਉਸ ਦਿਨ ਖਾਲਿਸਤਾਨੀ ਸਮਰਥਕ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕਤਲ ਹੋਇਆ ਸੀ। ਉਸ ਦੇ ਨਾਲ ਕਈ ਸਿੱਖ ਨੌਜਵਾਨ ਮਾਰੇ ਗਏ ਸਨ। ਗੋਲਡੀ ਨੇ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਨੇ ਜਿਸ ਕਾਂਗਰਸ ਦਾ ਹੱਥ ਫੜਿਆ ਹੈ, ਉਸ ਨੇ ਹੀ ਸਿੱਖਾਂ ਦਾ ਕਤਲੇਆਮ ਕੀਤਾ। 5 ਜੂਨ ਨੂੰ ਸ਼ੋਅ ਤੋਂ ਬਾਅਦ ਮੂਸੇਵਾਲਾ ਵਰਲਡ ਟੂਰ ’ਤੇ ਜਾਣ ਵਾਲਾ ਸੀ।

ਇਸ ਲਈ ਚੁਣਿਆ ਅਪਰਾਧ ਦਾ ਰਸਤਾ
ਵਾਇਰਲ ਆਡੀਓ ਵਿਚ ਗੋਲਡੀ ਨੇ ਅਪਰਾਧ ਦਾ ਰਸਤਾ ਚੁਣਨ ਬਾਰੇ ਦੱਸਿਆ ਹੈ। ਉਹ ਕਹਿੰਦਾ ਹੈ ਕਿ ਉਹ ਇਕ ਸਾਧਾਰਨ ਨੌਜਵਾਨ ਸੀ। ਉਸ ਨੇ ਸਖ਼ਤ ਮਿਹਨਤ ਕਰ ਕੇ 40-40 ਘੰਟੇ ਟਰੱਕ ਚਲਾਇਆ ਅਤੇ ਉਸ ਸਮੇਂ ਉਹ ਲੋਕਾਂ ਵਿਚ ਚੰਗਾ ਇਨਸਾਨ ਸੀ ਪਰ ਕੁਝ ਨਸ਼ੇੜੀਆਂ ਨੇ ਉਸ ਨੂੰ ਗ਼ਲਤ ਦੱਸਿਆ। ਉਸ ਨੇ ਕਦੇ ਕਿਸੇ ਦਾ ਹੱਕ ਨਹੀਂ ਮਾਰਿਆ। ਉਸ ਦੇ ਭਰਾ ਦੀ 12 ਅਕਤੂਬਰ 2020 ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਗਲਤ ਰਸਤੇ ’ਤੇ ਚੱਲ ਪਿਆ।

ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਧਾਰੀ ਚੁੱਪੀ
ਕੈਨੇਡੀਅਨ ਏਜੰਸੀਆਂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੀਆਂ ਹਨ। ਕਰਨ ਬਰਾੜ ਗੋਲਡੀ ਬਰਾੜ ਦਾ ਨਜ਼ਦੀਕੀ ਹੈ। ਆਮ ਤੌਰ ’ਤੇ ਗੋਲਡੀ ਬਰਾੜ ਸੋਸ਼ਲ ਮੀਡੀਆ ’ਤੇ ਪੋਸਟ ਕਰਦਾ ਰਹਿੰਦਾ ਹੈ ਪਰ ਇਸ ਵਾਰ ਉਸ ਨੇ ਜੋ ਪੋਸਟ ਪਾਈ ਹੈ, ਉਸ ਵਿਚ ਗੋਲਡੀ ਬਰਾੜ ਨੇ ਆਪਣੇ-ਆਪ ਨੂੰ ਸਿੱਖਾਂ ਦਾ ਵੱਡਾ ਸਮਰਥਕ ਦੱਸਿਆ ਹੈ।

ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ 4 ਵਿਅਕਤੀਆਂ ਵਿਚੋਂ ਇਕ ਫਰੀਦਕੋਟ ਦੇ ਕੋਟਕਪੂਰਾ ਨਾਲ ਸਬੰਧਤ ਹੈ। ਇਹ ਮੁਲਜ਼ਮ ਤਕਰੀਬਨ 4 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਕਰਨ ਕੋਟਕਪੂਰਾ ਸ਼ਹਿਰ ਦਾ ਵਸਨੀਕ ਹੈ। ਕੈਨੇਡੀਅਨ ਪੁਲਸ ਮੁਤਾਬਕ ਤਿੰਨੋਂ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਹਨ। ਕਰਨ ਬਰਾੜ ਤਕਰੀਬਨ ਸਾਢੇ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਫਿਲਹਾਲ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਬਰਾੜ ਨੇ ਚੁੱਪੀ ਧਾਰੀ ਹੋਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News