ਨਾਭਾ ਦੀ ਮਨਜੋਤ ਕੌਰ ਨੇ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਂ, ਤੀਰ ਅੰਦਾਜ਼ੀ ''ਚ ਜਿੱਤਿਆ ਗੋਲਡ ਮੈਡਲ
Sunday, Dec 05, 2021 - 02:44 PM (IST)
ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਬਿਰੜਵਾਲ ਦੀ ਖਿਡਾਰਣ ਮਨਜੋਤ ਕੌਰ ਨੇ ਸਬ ਜੂਨੀਅਰ ਤੀਰ ਅੰਦਾਜ਼ੀ ਵਿੱਚ ਗੋਲਡ ਮੈਡਲ ਲੈ ਕੇ ਆਪਣੇ ਸਕੂਲ ਦਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮਹਾਰਾਸ਼ਟਰ ਅਮਰਾਵਤੀ ਵਿਖੇ ਸਬ ਜੂਨੀਅਰ ਆਰਚਰ (ਤੀਰ ਅੰਦਾਜ਼ੀ) ਵਿੱਚ ਮਨਜੋਤ ਕੌਰ ਨੇ ਸਾਰੇ ਸੂਬਿਆਂ ਨੂੰ ਪਛਾੜ ਕੇ ਇਹ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਖਿਡਾਰਣ ਮਨਜੋਤ ਕੌਰ ਨਾਭਾ ਬਲਾਕ ਦੇ ਪਿੰਡ ਰੱਖੜਾ ਦੀ ਕੈਂਬਰਿਜ ਸਕੂਲ ਵਿਖੇ ਗਿਆਰਵੀਂ ਦੀ ਵਿਦਿਆਰਥਣ ਹੈ ਅਤੇ ਉੱਥੋਂ ਹੀ ਉਸ ਨੇ ਤੀਰ ਅੰਦਾਜ਼ੀ ਖੇਡ ਵਿੱਚ ਅਣਥੱਕ ਮਿਹਨਤ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।
ਇਸ ਮੌਕੇ ਖਿਡਾਰਣ ਮਨਜੋਤ ਕੌਰ ਨੇ ਕਿਹਾ ਕਿ ਮੈਂ ਪਿੰਡ ਵਾਸੀਆਂ ਅਤੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਅਤੇ ਮੈਂ ਅੱਜ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਜਿੱਤ ਕੇ ਇਹ ਮੁਕਾਮ ਹਾਸਲ ਕੀਤਾ ਹੈ। ਮਨਜੋਤ ਕੌਰ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਓਲੰਪਿਕ ਵਿੱਚ ਵੀ ਗੋਲਡ ਮੈਡਲ ਲੈ ਕੇ ਆਵਾਂ। ਮਨਜੋਤ ਕੌਰ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੀ ਦਲਦਲ ਵਿੱਚ ਡੁੱਬੀ ਹੋਈ ਹੈ, ਉਹ ਖੇਡਾਂ ਵੱਲ ਧਿਆਨ ਦੇਵੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇ। ਇਸ ਮੌਕੇ 'ਤੇ ਖਿਡਾਰਣ ਮਨਜੋਤ ਕੌਰ ਦੀ ਮਾਤਾ ਸੰਦੀਪ ਕੌਰ ਨੇ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਧੀ ਗੋਲਡ ਮੈਡਲ ਜਿੱਤ ਕੇ ਘਰ ਪਰਤ ਆਈ ਹੈ ਅਤੇ ਸਾਨੂੰ ਸਾਡੀ ਧੀ ਤੋਂ ਬਹੁਤ ਉਮੀਦਾਂ ਹਨ।
ਇਹ ਵੀ ਪੜ੍ਹੋ : 'ਸੁਨੀਲ ਜਾਖੜ' ਦੀ ਨਾਰਾਜ਼ਗੀ ਜਲਦ ਦੂਰ ਕਰੇਗੀ ਕਾਂਗਰਸ, ਸੌਂਪੇਗੀ ਅਹਿਮ ਜ਼ਿੰਮੇਵਾਰੀ
ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਸਮਝਿਆ ਕਿ ਇਹ ਕੁੜੀ ਹੈ। ਉਨ੍ਹਾਂ ਕਿਹਾ ਕਿ ਸਾਡੀ ਧੀ ਮੁੰਡਿਆਂ ਤੋਂ ਘੱਟ ਨਹੀਂ ਹੈ। ਮੌਕੇ 'ਤੇ ਸਕੂਲ ਦੇ ਡੀ. ਪੀ. ਉਪਕਰਨ ਸਿੰਘ ਅਤੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮਨਜੋਤ ਕੌਰ ਨੇ ਪੂਰੇ ਪੰਜਾਬ, ਪਿੰਡ, ਪਰਿਵਾਰ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਸਾਨੂੰ ਮਨਜੋਤ ਕੌਰ ਤੋਂ ਬਹੁਤ ਉਮੀਦਾਂ ਹਨ ਕਿ ਉਹ ਓਲੰਪਿਕ ਵਿੱਚ ਵੀ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ