ਬੇਅਦਬੀ ਕਾਂਡ ''ਚ ਘਿਰੇ ਬਾਦਲਾਂ ਨੂੰ ਢੀਂਡਸਾ ਖ਼ਿਲਾਫ਼ ਕਾਰਵਾਈ ਦਾ ਕੋਈ ਅਧਿਕਾਰ ਨਹੀਂ : ਭੋਮਾ

Tuesday, Jan 14, 2020 - 03:21 PM (IST)

ਚੰਡੀਗੜ੍ਹ (ਭੁੱਲਰ) : ਇਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਖੁੱਲ੍ਹ ਕੇ ਸੁਖਦੇਵ ਸਿੰਘ ਢੀਂਡਸਾ ਦੀ ਖੁੱਲ੍ਹੀ ਹਮਾਇਤ ਦਾ ਐਲਾਨ ਕਰਦਿਆਂ ਤੇ ਬਾਦਲਾਂ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ਦੇ ਦੋਸ਼ੀ ਹਨ, ਉਨ੍ਹਾਂ ਤੇ ਸੁਖਬੀਰ ਸਿੰਘ ਬਾਦਲ ਨੂੰ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵਿਰੁੱਧ ਕੋਈ ਐਕਸ਼ਨ ਲੈਣ ਦਾ ਅਧਿਕਾਰ ਨਹੀਂ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੇ ਬਾਵਜੂਦ ਡੇਰਾ ਸਿਰਸਾ ਸਾਧ ਕੋਲ ਜਾ ਕੇ ਵੋਟਾਂ ਮੰਗਣ ਦੇ ਦੋਸ਼ੀ ਹਨ, ਸਿਰਸਾ ਸਾਧ ਨੂੰ ਸੱਤਾ ਦੇ ਨਸ਼ੇ 'ਚ ਮਦਹੋਸ਼ ਹੋ ਕੇ ਪੰਜ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਨਿਵਾਸ 'ਤੇ ਸੱਦ ਕੇ ਸੱਤਾ ਦੀ ਨੋਕ 'ਤੇ ਮੁਆਫੀ ਦਿਵਾਉਣ ਦੇ ਵੀ ਦੋਸ਼ੀ ਹਨ ਅਤੇ ਇਸ ਸਬੰਧੀ ਸਿੱਖ ਸੰਗਤਾਂ ਦੇ ਦਸਵੰਧ ਦੇ ਗੁਰੂ ਦੀ ਗੋਲਕ 'ਚੋਂ 90 ਲੱਖ ਦੇ ਇਸ਼ਤਿਹਾਰਬਾਜ਼ੀ 'ਤੇ ਜ਼ਾਇਆ ਕਰਨ ਦੇ ਦੋਸ਼ੀ ਹਨ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਖੁਦ ਅਕਾਲੀ ਦਲ ਅੰਦਰ ਲੋਕਤੰਤਰ ਦਾ ਕਤਲ ਕਰਨ ਦੇ ਦੋਸ਼ੀ ਹਨ। ਇਹ ਇੰਨੇ ਵੱਡੇ ਦੋਸ਼ੀ ਸੁਖਦੇਵ ਸਿੰਘ ਢੀਂਡਸਾ ਖ਼ਿਲਾਫ਼ ਕੁਝ ਵੀ ਬੋਲਣ ਦੀ ਸਮਰੱਥਾ ਹੀ ਨਹੀਂ ਰੱਖਦੇ ਫਿਰ ਇਹ ਢੀਂਡਸਾ ਖ਼ਿਲਾਫ਼ ਕੋਈ ਐਕਸ਼ਨ ਲੈਣ ਦਾ ਅਧਿਕਾਰ ਕਿਵੇਂ ਰੱਖ ਸਕਦੇ ਹਨ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਢੀਂਡਸਾ ਦੇ ਖਾਸਮਖਾਸ ਸਮਝੇ ਜਾਂਦੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਸਲਾਹਕਾਰ ਬਲਵਿੰਦਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ ਨੇ ਕੀਤਾ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਦੇ ਨਸ਼ੇ 'ਚ ਪੁੱਤ ਮੋਹ 'ਚ ਆ ਕੇ ਬਾਦਲ ਦੇ ਵਾਰਸ ਤੇ ਉਤਰਾਧਿਕਾਰੀ ਵਜੋਂ ਜਾਣੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਨੂੰ ਅੱਖੋਂ-ਪਰੋਖੇ ਕਰ ਕੇ ਆਪਣੇ ਪੁੱਤ ਨੂੰ ਅਕਾਲੀ ਦਲ ਦੀ ਕਮਾਂਡ ਸੌਂਪ ਦਿੱਤੀ। ਇਸ ਕਾਰਨ ਬਾਦਲ ਦੇ ਪੁੱਤ ਮੋਹ ਕਰ ਕੇ ਅਕਾਲੀ ਦਲ ਬਰਬਾਦ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀਆਂ ਮਹਾਨ ਕੁਰਬਾਨੀਆਂ ਤੇ ਸ਼ਹੀਦੀਆਂ ਨਾਲ ਹੋਂਦ ਵਿਚ ਆਇਆ ਸੀ। ਹਰ ਸਿੱਖ ਨੇ ਆਪਣੀ ਵਿੱਤ ਅਨੁਸਾਰ ਇਸ ਵਿਚ ਹਿੱਸਾ ਪਾਇਆ ਹੈ ਪਰ ਸੁਖਬੀਰ ਸਿੰਘ ਬਾਦਲ ਦਾ ਇਕ ਤਿਣਕੇ ਜਿੰਨਾ ਵੀ ਹਿੱਸਾ ਸ਼੍ਰੋਮਣੀ ਅਕਾਲੀ ਦਲ ਦੀ ਤਰੱਕੀ ਲਈ ਨਹੀਂ ਹੈ, ਸਗੋਂ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ, ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ ਬਾਦਲ ਵਿਚ ਬਦਲ ਕੇ ਫਿਰ ਇਸ ਤੋਂ ਵੀ ਅੱਗੇ ਅਕਾਲੀ ਦਲ ਨੂੰ ਬਾਦਲਾਂ ਦੇ ਮਾਲ ਵਿਚ ਬਦਲ ਕੇ ਰੱਖ ਦਿੱਤਾ, ਜਿਸ ਕਾਰਣ ਅਕਾਲੀ ਦਲ ਵਿਧਾਨ ਸਭਾ ਵਿਚੋਂ ਵਿਰੋਧੀ ਧਿਰ ਦਾ ਦਰਜਾ ਵੀ ਗੁਆ ਬੈਠਾ।


Anuradha

Content Editor

Related News