ਸਿਰਸਾ ਨੇ ਫਿਲਮ 'ਗਿਲਟੀ' 'ਚ ਕਿਰਦਾਰ ਦਾ ਨਾਂ 'ਨਾਨਕੀ' ਰੱਖਣ 'ਤੇ ਭੇਜਿਆ ਲੀਗਲ ਨੋਟਿਸ

03/08/2020 12:36:06 PM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ 'ਗਿਲਟੀ' 'ਚ ਇਕ ਮਾੜੇ ਚਰਿੱਤਰ ਵਾਲੇ ਕਿਰਦਾਰ ਦਾ ਨਾਂ 'ਨਾਨਕੀ' ਰੱਖਣ 'ਤੇ ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਅਤੇ ਨੈੱਟਫਲਿਕਸ ਨੂੰ ਲੀਗਲ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਫਿਲਮ 'ਆਪ੍ਰੇਸ਼ਨ ਪਰਿੰਦੇ' 'ਚ ਅੰਮ੍ਰਿਤਧਾਰੀ ਸਿੰਘਾਂ ਨੂੰ ਅੱਤਵਾਦੀ ਦੱਸਣ 'ਤੇ ਜ਼ੀ. ਟੀ. ਵੀ. ਨੂੰ ਵੀ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਦੋਵਾਂ ਫਿਲਮਾਂ ਦੇ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ ਨੂੰ ਸਿੱਖ ਸੰਗਤ ਤੋਂ ਮੁਆਫੀ ਮੰਗਣ ਲਈ ਕਿਹਾ ਹੈ।

ਆਪਣੇ ਵਕੀਲ ਅਵਨੀਤ ਕੌਰ ਰਾਹੀਂ ਭੇਜੇ ਨੋਟਿਸ 'ਚ ਸਿਰਸਾ ਨੇ ਡਾਇਰੈਕਟਰ ਰੁਚੀ ਨਰਾਇਣ, ਧਰਮਾ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰੋਡਿਊਸਰ ਅਤੇ ਨੈੱਟਫਲਿਕਸ ਐਂਟਰਟੇਨਮੈਂਟ ਸਰਵਿਸਿਜ਼ ਲਿਮਟਿਡ ਨੂੰ ਆਖਿਆ ਹੈ ਕਿ ਉਹ ਫਿਲਮ ਅਤੇ ਇਸਦੇ ਪ੍ਰੋਮੋ ਤੁਰੰਤ ਡਿਲੀਟ ਕਰਨ। ਉਨ੍ਹਾਂ ਕਿਹਾ ਕਿ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਦਾ ਨਾਂ ਸੀ ਤੇ ਸਿੱਖ ਇਤਿਹਾਸ ਵਿਚ ਉਨ੍ਹਾਂ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਮੁੱਖ ਕਿਰਦਾਰ ਦਾ ਨਾਂ 'ਨਾਨਕੀ' ਰੱਖ ਕੇ ਉਸਨੂੰ ਨਸ਼ਿਆਂ, ਸ਼ਰਾਬ, ਸਿਗਰਟਨੋਸ਼ੀ ਅਤੇ ਸੈਕਸ ਨਾਲ ਜੋੜਨਾ ਇਕ ਧਾਰਮਿਕ ਅਪਰਾਧ ਵਾਲੀ ਕਾਰਵਾਈ ਹੈ, ਜਿਸ ਨੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਦੇ ਪਵਿੱਤਰ ਨਾਂ ਦਾ ਅਕਸ ਖਰਾਬ ਕੀਤਾ ਹੈ।

ਉਨ੍ਹਾਂ ਨੇ ਤਿੰਨਾਂ ਨੂੰ ਨੋਟਿਸ ਪ੍ਰਾਪਤ ਹੋਣ ਦੇ 24 ਘੰਟਿਆਂ ਅੰਦਰ ਫਿਲਮ 'ਗਿਲਟੀ' ਅਤੇ ਇਸਦੇ ਪ੍ਰੋਮੋ ਨੂੰ ਿਡਲੀਟ ਕਰਨ ਜਾਂ ਹਟਾਉਣ ਅਤੇ ਬਿਨਾਂ ਸ਼ਰਤ ਸਿੱਖ ਸੰਗਤ ਕੋਲੋਂ ਮੁਆਫੀ ਮੰਗਣ ਲਈ ਕਿਹਾ। ਇਸ ਦੌਰਾਨ ਸਿਰਸਾ ਨੇ ਫਿਲਮ 'ਆਪ੍ਰੇਸ਼ਨ ਪਰਿੰਦੇ' ਦੇ ਪ੍ਰੋਡਿਊਸਰ, ਡਾਇਰੈਕਟਰ ਤੇ ਜ਼ੀ 5 ਫਿਲਮ ਨੂੰ ਵੀ ਲੀਗਲ ਨੋਟਿਸ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ 'ਚ ਅੰਮ੍ਰਿਤਧਾਰੀ ਸਿੱਖਾਂ ਨੂੰ ਅੱਤਵਾਦੀ ਦੱਸਿਆ ਗਿਆ ਹੈ ਤੇ ਇਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।


shivani attri

Content Editor

Related News