ਸੋਨੀਆ ਗਾਂਧੀ ਕਬੂਲ ਕਰੇ 1984 ਦਾ ਕਤਲੇਆਮ ਰਾਜੀਵ ਗਾਂਧੀ ਨੇ ਕਰਵਾਇਆ : ਸਿਰਸਾ

12/07/2019 5:20:10 PM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਡਾ. ਮਨਮੋਹਨ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਕੀਤੇ ਨਵੇਂ ਖੁਲਾਸੇ ਦਾ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਚਾਹੀਦਾ ਹੈ ਅਤੇ ਸਾਰੇ ਮਾਮਲੇ ਦੀ ਖੁਦ ਜਾਂਚ ਕਰਵਾਉਣੀ ਚਾਹੀਦੀ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਵੱ ਖ-ਵੱਖ ਸੂਬਿਆਂ 'ਚ ਸਰਕਾਰਾਂ ਬਣਾਉਣ ਲਈ ਅੱਧੀ ਰਾਤ ਨੂੰ ਕੋਰਟ ਲਾ ਸਕਦਾ ਹੈ ਅਤੇ ਵੱਖ-ਵੱਖ ਮਾਮਲਿਆਂ 'ਚ ਖੁਦ ਨੋਟਿਸ ਲੈ ਕੇ ਮਾਮਲੇ ਦੀ ਪੜਤਾਲ ਕਰਵਾ ਸਕਦਾ ਹੈ ਤਾਂ ਇਸ 1984 ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਦਿੱਤੇ ਬਿਆਨ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ। ਡਾ. ਮਨਮੋਹਨ ਸਿੰਘ ਦੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ 1984 ਦਾ ਕਤਲੇਆਮ ਅਸਲ 'ਚ ਕਤਲੇਆਮ ਸੀ ਅਤੇ ਦੰਗੇ ਨਹੀਂ ਸਨ। ਉਨ੍ਹਾਂ ਦੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਤਲੇਆਮ ਕਾਂਗਰਸ ਪਾਰਟੀ ਨੇ ਕਰਵਾਇਆ ਅਤੇ ਇਸ ਮੁਹਿੰਮ ਦੀ ਅਗਵਾਈ ਖੁਦ ਰਾਜੀਵ ਗਾਂਧੀ ਕਰ ਰਹੇ ਸਨ। ਇਹ ਵੀ ਕਿਹਾ ਕਿ ਬੇਸ਼ੱਕ ਇੰਦਰ ਕੁਮਾਰ ਗੁਜਰਾਲ ਨੇ ਬੇਨਤੀ ਕੀਤੀ ਸੀ ਕਿ ਫੌਜ ਸੱਦੀ ਜਾਵੇ ਪਰ ਤਤਕਾਲੀ ਗ੍ਰਹਿ ਮੰਤਰੀ ਨਰਸਿਮਾ ਰਾਓ ਨੇ ਫੌਜੀ ਨਹੀਂ ਸੱਦੀ।\

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਤੋਂ ਜਵਾਬ ਮੰਗਦੇ ਹਾਂ ਕਿ ਉਹ ਖਾਸ ਤੌਰ 'ਤੇ ਸੋਨੀਆ ਗਾਂਧੀ ਦੇਸ਼ ਅੱਗੇ ਇਹ ਕਬੂਲ ਕਰੇ ਕਿ ਇਹ ਕਤਲੇਆਮ ਉਨ੍ਹਾਂ ਦੇ ਪਤੀ ਰਾਜੀਵ ਗਾਂਧੀ ਨੇ ਕਰਵਾਇਆ ਸੀ ਅਤੇ ਆਪਣੇ ਪਤੀ ਵੱਲੋਂ ਸਾਰੇ ਦੇਸ਼ ਤੋਂ ਮੁਆਫੀ ਮੰਗੇ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕੀਤੀ ਸੀ ਕਿ ਕਾਂਗਰਸ ਪਾਰਟੀ ਸਪੱਸ਼ਟੀਕਰਨ ਦੇਵੇਗੀ ਅਤੇ ਸੰਸਦ 'ਚ ਵੀ ਮੁਆਫੀ ਮੰਗੇਗੀ ਕਿ ਇਹ ਕਤਲੇਆਮ ਕਾਂਗਰਸ ਪਾਰਟੀ ਨੇ ਖੁਦ ਕਰਵਾਇਆ ਸੀ ਤੇ ਇਸ ਨੂੰ ਰੋਕਣ 'ਚ ਅਸੀਂ ਅਸਫਲ ਰਹੇ ਪਰ ਕਾਂਗਰਸ ਨੇ ਅਜਿਹਾ ਕੁਝ ਨਹੀਂ ਕੀਤਾ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਗ੍ਰਹਿ ਮੰਤਰੀ ਨਰਸਿਮਾ ਰਾਓ, ਪ੍ਰਧਾਨ ਮੰਤਰੀ ਦਫਤਰ ਤੇ ਦਿੱਲੀ ਦੇ ਪੁਲਸ ਕਮਿਸ਼ਨਰ ਵਿਚਾਲੇ ਕੀ ਕੀ ਗੱਲਾਂ ਹੋਈਆਂ, ਉਸ ਦਾ ਸਾਰਾ ਰਿਕਾਰਡ ਜਨਤਕ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਹਿਰਦੇ ਇਕ ਵਾਰ ਫਿਰ ਵਲੂੰਧਰੇ ਗਏ ਹਨ ਕਿ ਇਹ ਕਤਲੇਆਮ ਰੋਕਿਆ ਜਾ ਸਕਦਾ ਸੀ ਪਰ ਕਾਂਗਰਸ ਪਾਰਟੀ ਨੇ ਜਾਣ-ਬੁੱਝ ਕੇ ਨਹੀਂ ਰੋਕਿਆ। ਇਸ ਮੌਕੇ ਸਿਰਸਾ ਨੇ ਨਾਲ ਲੀਗਲ ਸੈੱਲ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਸਰਬਜੀਤ ਸਿੰਘ ਵਿਰਕ, ਹਰਜੀਤ ਸਿੰਘ ਪੱਪਾ, ਜਤਿੰਦਰ ਸਿੰਘ ਸ਼ੰਟੀ ਤੇ ਸੁਦੀਪ ਸਿੰਘ ਵੀ ਮੌਜੂਦ ਸਨ।


 


Anuradha

Content Editor

Related News