ਸਿੱਖ ਪਰਿਵਾਰ ਨਾਲ ਕੁੱਟਮਾਰ ਦੇ ਮਾਮਲੇ ''ਚ ਸਿਰਸਾ ਨੇ ਮਮਤਾ ਬੈਨਰਜੀ ਤੋਂ ਦਖਲ ਮੰਗਿਆ

11/23/2019 4:16:05 PM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹਾਵੜਾ ਵਿਚ ਸਿੱਖ ਪਰਿਵਾਰ ਨੂੰ ਬੇਰਹਿਮੀ ਨਾਲ ਕੁੱਟਣ-ਮਾਰਨ ਦੇ ਮਾਮਲੇ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਤੁਰੰਤ ਦਖਲ ਮੰਗਿਆ ਹੈ। ਉਨ੍ਹਾਂ ਆਖਿਆ ਹੈ ਕਿ ਪਰਿਵਾਰ ਨੂੰ ਜਲਦੀ ਤੋਂ ਜਲਦੀ ਤੋਂ ਨਿਆਂ ਮਿਲਣਾ ਚਾਹੀਦਾ ਹੈ। ਇਥੇ ਜਾਰੀ ਕੀਤੇ ਇਕ ਬਿਆਨ 'ਚ ਸਿਰਸਾ ਨੇ ਕਿਹਾ ਕਿ ਹਾਵੜਾ 'ਚ ਘੱਟ ਗਿਣਤੀ ਦੇ ਬੇਸਹਾਰਾ ਪਰਿਵਾਰ ਨਾਲ ਕੁੱਟ-ਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿਚ ਪਰਿਵਾਰ ਨੂੰ ਰਾਜਾ ਸਾਹਾ ਅਤੇ ਸੁਭਾਸ਼ ਸਾਹਾ ਨਾਂ ਦੇ ਦੋ ਵਿਅਕਤੀ ਬੁਰੀ ਤਰ੍ਹਾਂ ਕੁੱਟਦੇ-ਮਾਰਦੇ ਅਤੇ ਭਾਵਨਾਤਮਕ ਤੌਰ 'ਤੇ ਪੀੜਤ ਕਰਦੇ ਨਜ਼ਰ ਆ ਰਹੇ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੇ ਪ੍ਰੀਤੀ ਕੌਰ ਤੇ ਉਸ ਦੇ ਪਰਿਵਾਰ 'ਤੇ ਦਬਾਅ ਪਾਇਆ ਕਿ ਉਹ ਕਿਸੇ ਕੇਸ ਵਿਚ ਝੂਠੀ ਗਵਾਹੀ ਦੇਣ। ਉਨ੍ਹਾਂ ਕਿਹਾ ਕਿ ਪੁਲਸ ਵੀ ਪੀੜਤ ਪਰਿਵਾਰ ਦੀ ਮਦਦ ਨਹੀਂ ਕਰ ਰਹੀ, ਜਦਕਿ ਦੋਵੇਂ ਮੁਲਜ਼ਮ ਜੋ ਕਿ ਟੀ. ਐੱਮ. ਸੀ. ਦੇ ਮੈਂਬਰ ਹਨ, ਪਰਿਵਾਰ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਤੁਰੰਤ ਦਖਲ ਦੇਣ ਅਤੇ ਪੁਲਸ ਨੂੰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕਰਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਘੱਟ ਗਿਣਤੀ ਦੇ ਪਰਿਵਾਰ ਨੂੰ ਬਿਨਾਂ ਹੋਰ ਦੇਰੀ ਦੇ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਦੇ ਹਨ, ਅਜਿਹੇ ਵਿਚ ਇਹ ਸਹੀ ਸਮਾਂ ਹੈ ਕਿ ਉਹ ਸੂਬੇ ਵਿਚ ਰਹਿੰਦੇ ਘੱਟ ਗਿਣਤੀ ਪਰਿਵਾਰਾਂ ਪ੍ਰਤੀ ਆਪਣੀ ਵਚਨਬੱਧਤਾ ਵਿਖਾਉਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ।


Anuradha

Content Editor

Related News