ਪਾਕਿ ’ਚ ਅਗਵਾ ਹੋਈ ਗ੍ਰੰਥੀ ਦੀ ਧੀ ਪਹੁੰਚੀ ਘਰ, ਸਿਰਸਾ ਨੇ ਕੀਤਾ ਵਿਦੇਸ਼ ਮੰਤਰਾਲੇ ਦਾ ਧੰਨਵਾਦ

9/22/2020 8:44:01 PM

ਨਵੀਂ ਦਿੱਲੀ/ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅੱਜ ਪਾਕਿਸਤਾਨ ’ਚ ਗਿਆਨੀ ਪ੍ਰੀਤਮ ਸਿੰਘ ਜੀ ਦੀ ਧੀ ਬੁਲਬੁਲ ਕੌਰ ਦੇ ਘਰ ਵਾਪਸ ਪਰਤਣ ’ਤੇ, ਇਸ ਮੁਹਿੰਮ ’ਚ ਸਾਥ ਦੇਣ ਵਾਲੇ ਪਰਿਵਾਰਾਂ ਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ।  ਮਨਜਿੰਦਰ ਸਿੰਘ ਸਿਰਸਾ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ’ਚ ਗਿਆਨੀ ਪ੍ਰੀਤਮ ਸਿੰਘ ਜੀ ਦੀ ਧੀ ਬੁਲਬੁਲ ਕੌਰ, ਜਿਸ ਨੂੰ ਅਗਵਾ ਕਰ ਲਿਆ ਗਿਆ ਸੀ, ਉਹ ਅੱਜ ਵਾਪਸ ਆਪਣੇ ਘਰ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਉਨ੍ਹਾਂ ਸਾਰੇ ਪਰਿਵਾਰਾਂ ਦੀ ਜਿਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮੁਹਿੰਮ ਅੰਦਰ ਸਾਡਾ ਸਾਥ ਦਿੱਤਾ ਅਤੇ ਇਸ ਤੋਂ ਇਲਾਵਾ ਸਾਡਾ ਪ੍ਰਦਰਸ਼ਨ ਤਕ ਸਾਥ ਦਿੱਤਾ, ਹਾਈਕਮਿਸ਼ਨ ਤਕ ਸਾਥ ਦਿੱਤਾ।

ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੀ ਸਰਕਾਰ ਅੰਦਰ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਖਾਸ ਤੌਰ ’ਤੇ ਜੇ. ਪੀ. ਸਿੰਘ ਜੀ ਦਾ, ਜਿਨ੍ਹਾਂ ਨੇ ਬੜੀ ਸ਼ਿੱਦਤ ਨਾਲ ਇਸ ਲੜਾਈ ਨੂੰ ਲੜਿਆ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਪਰਿਵਾਰਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਅੱਜ ਗੁਰੂ ਸਾਹਿਬ ਜੀ ਦੀ ਆਪ ’ਤੇ ਬਹੁਤ ਰਹਿਮਤ ਤੇ ਬਖਸ਼ਿਸ਼ ਹੋਈ ਹੈ, ਕੀ ਤੁਸੀਂ ਇਕ ਬੱਚੀ ਨੂੰ ਉਸ ਦੇ ਘਰ ਵਾਪਸ ਲਿਆਉਣ ਲਈ ਲੜਾਈ ਲੜੀ ਹੈ, ਜੋ ਕਿ ਇਕ ਗ੍ਰੰਥੀ ਦੀ ਧੀ ਹੈ। ਉਨ੍ਹਾਂ ਕਿਹਾ ਕਿ ਜਦੋਂ ਬਹੁਤ ਸਾਰੇ ਲੋਕ ਚੁੱਪ ਕਰ ਗਏ ਸਨ, ਡਰ ਕੇ ਘਰ ਬੈਠੇ ਗਏ ਸਨ ਤਾਂ ਉਸ ਵੇਲੇ ਕੁੱਝ ਪਰਿਵਾਰਾਂ ਨੇ ਇਹ ਲੜਾਈ ਲੜੀ, ਜਿਸ ਕਾਰਣ ਅੱਜ ਬੁਲਬੁਲ ਕੌਰ ਆਪਣੇ ਘਰ ਵਾਪਸ ਪਹੁੰਚ ਗਈ ਹੈ। ਮੈਂ ਬੁਲਬੁਲ ਦੇ ਪਰਿਵਾਰ ਨੂੰ ਅਤੇ ਸਾਰੇ ਉਨ੍ਹਾਂ ਲੋਕਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਲੜਾਈ ਅੰਦਰ ਸਾਡਾ ਸਾਥ ਦਿੱਤਾ ਹੈ। 
 


Deepak Kumar

Content Editor Deepak Kumar