ਮੰਜੀ ਸਾਹਿਬ ਕੋਟਾਂ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

Wednesday, Nov 24, 2021 - 10:09 AM (IST)

ਮੰਜੀ ਸਾਹਿਬ ਕੋਟਾਂ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਮੰਜੀ ਸਾਹਿਬ ਕੋਟਾਂ/ਬੀਜਾ (ਧੀਰਾ, ਜ.ਬ.) - ਪੁਲਸ ਚੌਕੀ ਕੋਟ ਅਧੀਨ ਆਉਂਦੇ ਜੀ. ਟੀ. ਰੋਡ ਦੈਹਿੜੂ ਵਿਖੇ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕ ਬੱਚੀ ਸਮੇਤ 3 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ 9 ਵਜੇ ਦੇ ਕਰੀਬ ਸੁਸ਼ੀਲ ਕੁਮਾਰ (32) ਪੁੱਤਰ ਪੱਪੂ ਰਾਮ ਆਪਣੀ ਪਤਨੀ ਪੂਜਾ (30) ਤੇ ਧੀ ਪਰੀ ਉਰਫ ਗੁੰਨੂ (7) ਵਾਸੀ ਸਲਾਮ ਗੰਜ ਲੁਧਿਆਣਾ ਆਪਣੀ ਸਕੂਟਰੀ ’ਤੇ ਪਟਿਆਲਾ ਵਿਖੇ ਕਾਲੀ ਮੰਦਰ ਵਿਖੇ ਮੱਥਾ ਟੇਕ ਕੇ ਆਪਣੇ ਘਰ ਲੁਧਿਆਣਾ ਨੂੰ ਵਾਪਸ ਆ ਰਹੇ ਸਨ। ਜਦੋਂ ਉਹ ਖੰਨਾ ਟੱਪ ਕੇ ਬੀਜਾ ਨੇੜੇ ਦੈਹਿੜੂ ਚੌਕ ਪੁੱਜੇ ਤਾਂ ਹਨੇਰਾ ਹੋਣ ਕਾਰਨ ਉਨ੍ਹਾਂ ਦੀ ਸਕੂਟਰੀ ਜੀ. ਟੀ. ਰੋਡ ’ਤੇ ਅੱਗੇ ਖੜ੍ਹੇ ਸਰੀਏ ਨਾਲ ਭਰੇ ਟਰੱਕ ਦੇ ਥੱਲੇ ਜਾ ਵੜੀ, ਜਿਸ ਕਾਰਨ ਉਕਤ ਸੁਸ਼ੀਲ ਕੁਮਾਰ ਉਸਦੀ ਪਤਨੀ ਪੂਜਾ ਤੇ ਧੀ ਪਰੀ ਉਰਫ ਗੁੰਨੂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿੱਤੀਆਂ 8 ਗਾਰੰਟੀਆਂ

ਹਾਦਸਾ ਇੰਨਾ ਭਿਆਨਕ ਤੇ ਦਰਦਨਾਕ ਸੀ ਕਿ ਪੁਲਸ ਚੌਕੀ ਕੋਟ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਸੋਹੀ ਨੇ ਰਾਹਗੀਰਾਂ ਦੀ ਮਦਦ ਨਾਲ ਤਿੰਨੇ ਲਾਸ਼ਾਂ ਭਾਰੀ ਜੱਦੋ-ਜਹਿਦ ਤੋਂ ਬਾਅਦ ਟਰੱਕ ਥੱਲਿਓਂ ਬਾਹਰ ਕੱਢੀਆਂ। ਪੁਲਸ ਚੌਕੀ ਕੋਟ (ਖੰਨਾ) ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਮ੍ਰਿਤਕ ਸੁਸ਼ੀਲ ਕੁਮਾਰ ਦੇ ਭਰਾ ਰਾਹੁਲ ਦੇ ਬਿਆਨਾਂ ’ਤੇ ਮੁਲਜ਼ਮ ਟਰੱਕ ਡਰਾਈਵਰ ਪਵਨ ਕੁਮਾਰ ਪੁੱਤਰ ਰੂਪ ਲਾਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਭੇਜ ਦਿੱਤਾ। ਹਾਦਸਾ ਵਾਪਰਣ ਤੋਂ ਬਾਅਦ ਟਰੱਕ ਡਰਾਈਵਰ ਹਨੇਰੇ ਦਾ ਲਾਭ ਉਠਾਉਂਦਿਆਂ ਫਰਾਰ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼


author

rajwinder kaur

Content Editor

Related News