ਪਰਚਾ ਰਾਜ ਖ਼ਤਮ ਕਰਕੇ ਸਾਰੇ ਝੂਠੇ ਪਰਚੇ ਕਰਾਂਗੇ ਰੱਦ : ਮਨੀਸ਼ ਸਿਸੋਦੀਆ

Monday, Feb 14, 2022 - 09:20 PM (IST)

ਪਰਚਾ ਰਾਜ ਖ਼ਤਮ ਕਰਕੇ ਸਾਰੇ ਝੂਠੇ ਪਰਚੇ ਕਰਾਂਗੇ ਰੱਦ : ਮਨੀਸ਼ ਸਿਸੋਦੀਆ

ਸਾਹਨੇਵਾਲ (ਲੁਧਿਆਣਾ)/ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ।  ਸਿਸੋਦੀਆ ਨੇ ਲੋਕਾਂ ਨੂੰ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਸੋਮਵਾਰ ਨੂੰ ਮਨੀਸ਼ ਸਿਸੋਦੀਆ ਨੇ ਸਾਹਨੇਵਾਲ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ’ਚ ਚੋਣ ਪ੍ਰਚਾਰ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਤੁਸੀਂ ਅਕਾਲੀ ਦਲ ਅਤੇ ਕਾਂਗਰਸ ਨੂੰ ਮੌਕੇ ਦਿੱਤੇ। ਅਕਾਲੀ ਦਲ ਨੇ 26 ਸਾਲ ਅਤੇ ਕਾਂਗਰਸ ਨੇ 24 ਸਾਲ ਪੰਜਾਬ ’ਤੇ ਰਾਜ ਕੀਤਾ। ਦੋਵਾਂ ਨੇ ਸੂਬੇ ਦੇ ਕੁਦਰਤੀ ਸੋਮੇ ਵੇਚ ਦਿੱਤੇ ਅਤੇ ਸਰਕਾਰੀ ਖਜ਼ਾਨਾ ਖਾਲੀ ਕਰ ਦਿੱਤਾ।

ਇਸ ਵਾਰ ਇਕ ਮੌਕਾ 'ਆਪ' ਨੂੰ ਦਿਓ। ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਪਰਚਾ ਰਾਜ ਖਤਮ ਕਰੇਗੀ ਅਤੇ ਸਾਰੇ ਝੂਠੇ ਪਰਚਿਆਂ ਨੂੰ ਰੱਦ ਕਰੇਗੀ। ਦਿੱਲੀ ਦੇ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਹੈ। ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਸੁਧਾਰਿਆ, ਬਿਜਲੀ ਦੇ ਬਿੱਲ ਜ਼ੀਰੋ ਕੀਤੇ, ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। ਹੁਣ ਪੰਜਾਬ ਦੀ ਵਾਰੀ ਹੈ। ਇਕ ਮੌਕਾ 'ਆਪ' ਦੀ ਈਮਾਨਦਾਰ ਰਾਜਨੀਤੀ ਨੂੰ ਦਿਓ। ਅਸੀਂ ਪੰਜਾਬ ’ਚ ਚੰਗੇ ਸਕੂਲ, ਹਸਪਤਾਲ ਬਣਾਵਾਂਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਵਾਂਗੇ। ਅਸੀਂ ਕੰਮ ਕਰਕੇ ਦਿਖਾਵਾਂਗੇ ਕਿ ਵਿਕਾਸ ਕਿਵੇਂ ਕੀਤਾ ਜਾਂਦਾ ਹੈ। ਸਿਸੋਦੀਆ ਨੇ ਵਿਰੋਧੀ ਪਾਰਟੀਆਂ ’ਤੇ ਵੀ ਤਿੱਖਾ ਨਿਸਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸੀ ਨੇਤਾ ਘਰ-ਘਰ ਜਾ ਕੇ ਪੈਸੇ ਵੰਡ ਕੇ ਲੋਕਾਂ ਦੀਆਂ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵੀ ਪਾਰਟੀ ਦਾ ਲੀਡਰ ਪੈਸੇ ਦੇਵੇ ਤਾਂ ਲੈ ਲਵੋ ਪਰ ਵੋਟ ਝਾੜੂ ਨੂੰ ਹੀ ਪਾਉਣਾ ਕਿਉਂਕਿ ਪੰਜਾਬ ਦੇ ਸਕੂਲਾਂ ਦੀ ਹਾਲਤ ਸਿਰਫ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹੀ ਸੁਧਾਰ ਸਕਦੇ ਹਨ।


author

Manoj

Content Editor

Related News