ਨਿਊਜ਼ੀਲੈਂਡ ’ਚ ਹਾਦਸੇ ਦੌਰਾਨ ਮਰੇ ਮਨਦੀਪ ਦਾ ਜੱਦੀ ਪਿੰਡ ਹੋਇਆ ਅੰਤਿਮ ਸੰਸਕਾਰ
Friday, Jan 24, 2020 - 12:07 PM (IST)

ਮੱਲਾਂਵਾਲਾ (ਜਸਪਾਲ) - ਪਿੰਡ ਹਾਮਦ ਵਾਲਾ ਹਥਾੜ ਦੇ ਨੌਜਵਾਨ ਤੇ ਜਰਮਲ ਸਿੰਘ ਸੰਧੂ ਇੰਚਾਰਜ ਸੀ. ਆਈ. ਡੀ. ਸਬ-ਇੰਸਪੈਕਟਰ ਦੇ ਭਤੀਜੇ ਮਨਦੀਪ ਸੰਧੂ ਦੀ ਨਿਊਜ਼ੀਲੈਂਡ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਬੀਤੇ ਦਿਨ ਦਿੱਲੀ ਆ ਗਈ ਸੀ। ਲਾਸ਼ ਆਉਣ ’ਤੇ ਮਿ੍ਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮਨਦੀਪ ਦਾ ਅੰਤਿਮ ਸੰਸਕਾਰ ਪਰਿਵਾਰ ਵਲੋਂ ਉਸ ਦੇ ਜੱਦੀ ਪਿੰਡ ਹਾਮਦ ਵਾਲਾ ਹਥਾੜ ਦੇ ਸ਼ਮਸ਼ਾਨਘਾਟ ’ਚ ਕਰ ਦਿੱਤਾ ਗਿਆ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ਨਾਲ ਇਲਾਕੇ ’ਚ ਸੋਗ ਫੈਲਿਆ ਹੋਇਆ ਹੈ ।
ਜਾਣਕਾਰੀ ਅਨੁਸਾਰ ਮਨਦੀਪ ਸੰਧੂ (24) ਪੁੱਤਰ ਮਨਦੀਪ ਸਿੰਘ ਸੰਧੂ ਕੁਝ ਸਮਾਂ ਪਹਿਲਾਂ ਸਟੱਡੀ ਵੀਜ਼ੇ ’ਤੇ ਕ੍ਰਾਈਸਚਰਚ ਨਿਊਜ਼ੀਲੈਂਡ ਗਿਆ ਸੀ। ਵਰਕ ਪਰਮਿਟ ਦੇ ਆਧਾਰ ’ਤੇ ਉਹ ਇਕ ਕਾਰਖਾਨੇ ’ਚ ਸ਼ੀਸ਼ਾ ਲੋਡ ਕਰਨ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਸਾਰਾ ਭਾਰ ਉਸ ਦੇ ਉੱਪਰ ਡਿੱਗ ਪਿਆ। ਅਚਾਨਕ ਵਾਪਰੇ ਇਸ ਹਾਦਸੇ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।