ਵੇਰਕਾ ਮਿਲਕ ਪਲਾਂਟ ਦੇ ਵਰਕਰਾਂ ਵੱਲੋਂ ਮੈਨੇਜਿੰਗ ਡਾਇਰੈਕਟਰ ਦਾ ਪਿੱਟ ਸਿਆਪਾ

Thursday, Oct 05, 2017 - 06:50 AM (IST)

ਵੇਰਕਾ ਮਿਲਕ ਪਲਾਂਟ ਦੇ ਵਰਕਰਾਂ ਵੱਲੋਂ ਮੈਨੇਜਿੰਗ ਡਾਇਰੈਕਟਰ ਦਾ ਪਿੱਟ ਸਿਆਪਾ

ਸੰਗਰੂਰ, (ਬਾਵਾ)– ਵੇਰਕਾ ਮਿਲਕ ਪਲਾਂਟ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਮਿਲਕਫੈੱਡ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਵੱਲੋਂ ਲਾਗੂ ਕੀਤੀ ਜਾਣ ਵਾਲੀ ਨਵੀਂ ਤਨਖਾਹ ਤੇ ਭੱਤਾ ਨੀਤੀ ਦਾ ਪਿੱਟ ਸਿਆਪਾ ਕੀਤਾ ਗਿਆ। ਅੱਜ ਅੱਧੀ ਛੁੱਟੀ ਹੋਣ ਉਪਰੰਤ ਮਿਲਕ ਪਲਾਂਟ ਦੇ ਕਰਮਚਾਰੀਆਂ ਵੱਲੋਂ ਪਲਾਂਟ ਦੇ ਮੇਨ ਗੇਟ 'ਤੇ ਇਕੱਠੇ ਹੋ ਕੇ ਡਾਇਰੈਕਟਰ ਵਿਰੁੱਧ ਗੇਟ ਰੈਲੀ ਕੀਤੀ ਗਈ। 
ਪਲਾਂਟ ਦੇ ਵਰਕਰਾਂ ਦੀ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ, ਰਜਿੰਦਰਪਾਲ ਸਿੰਘ, ਜਨਰਲ ਸਕੱਤਰ ਨਾਜਰ ਸਿੰਘ ਅਤੇ ਸੁਖਵੰਤ ਸਿੰਘ ਨੇ ਕਿਹਾ ਕਿ ਮਿਲਕਫੈੱਡ ਦੇ ਡਾਇਰੈਕਟਰ ਵੱਲੋਂ ਲਾਗੂ ਕੀਤੀ ਜਾ ਰਹੀ ਨਵੀਂ ਤਨਖਾਹ ਅਤੇ ਭੱਤਾ ਨੀਤੀ ਮੁਲਾਜ਼ਮ ਮਾਰੂ ਹੈ, ਜੋ ਅਸੀਂ ਕਿਸੇ ਹਾਲ ਵਿਚ ਲਾਗੂ ਨਹੀਂ ਹੋਣ ਦੇਵਾਂਗੇ। ਇਸ ਲਈ ਚਾਹੇ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਉਨ੍ਹਾਂ ਕਿਹਾ ਕਿ ਮੈਨੇਜਿੰਗ ਡਾਇਰੈਕਟਰ ਵੱਲੋਂ ਵੇਰਕਾ ਪੰਜਾਬ ਕਨਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੂੰ 3 ਅਕਤੂਬਰ ਨੂੰ ਇਸ ਲਈ ਚਾਰਜਸ਼ੀਟ ਕਰ ਦਿੱਤਾ ਹੈ ਕਿ ਉਹ ਮੁਲਾਜ਼ਮ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰਦਾ ਸੀ।
ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਮਨਜੀਤ ਸਿੰਘ ਦੀ ਚਾਰਜਸ਼ੀਟ 8 ਅਕਤੂਬਰ ਤੱਕ ਵਾਪਸ ਨਾ ਲਈ ਗਈ ਤਾਂ ਵੇਰਕਾ ਵਿਚ ਕੰਮ ਕਰਦੇ ਸਮੂਹ ਮੁਲਾਜ਼ਮ 9 ਅਕਤੂਬਰ ਨੂੰ ਗੁਰਦਾਸਪੁਰ ਵਿਚ ਮਹਾ ਰੈਲੀ ਕਰਨਗੇ।


Related News