ਬੀਮਾਰੀ ਤੋਂ ਦੁਖੀ ਡਰਾਈਵਰ ਨੇ ਖੁਦ ਨੂੰ ਮਾਰੀ ਗੋਲੀ

Wednesday, Jul 19, 2017 - 07:39 AM (IST)

ਬੀਮਾਰੀ ਤੋਂ ਦੁਖੀ ਡਰਾਈਵਰ ਨੇ ਖੁਦ ਨੂੰ ਮਾਰੀ ਗੋਲੀ

ਚੰਡੀਗੜ੍ਹ  (ਸੁਸ਼ੀਲ) - ਕਸੌਲੀ ਸਥਿਤ ਬਾਬਾ ਰਿਜ਼ਾਰਟ ਦੇ ਮਾਲਕ ਹਰਦੀਪ ਸਿੰਘ ਟਿਵਾਣਾ ਦੇ ਡਰਾਈਵਰ ਕਲਿਆਣ ਸਿੰਘ ਨੇ ਮੰਗਲਵਾਰ ਸਵੇਰੇ ਸੈਕਟਰ-38 ਵੈਸਟ ਦੀ ਕੋਠੀ 'ਚ ਸ਼ੱਕੀ ਹਾਲਤ 'ਚ ਖੁਦ ਨੂੰ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ 2 ਨੌਕਰ ਕਮਰੇ 'ਚ ਗਏ ਤਾਂ ਡਰਾਈਵਰ ਫਰਸ਼ 'ਤੇ ਪਿਆ ਹੋਇਆ ਸੀ। ਉਸਦੇ ਸਿਰ 'ਚੋਂ ਖੂਨ ਨਿਕਲ ਰਿਹਾ ਸੀ ਤੇ ਨਾਲ ਹੀ ਪਿਸਤੌਲ ਪਈ ਸੀ। ਰਸੋਈਏ ਰਾਮ ਅਵਧ ਨੇ ਮਾਮਲੇ ਦੀ ਸੂਚਨਾ ਪੁਲਸ ਤੇ ਮਾਲਕ ਹਰਦੀਪ ਸਿੰਘ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਸ ਤੇ ਮਾਲਕ ਮੌਕੇ 'ਤੇ ਪਹੁੰਚੇ। ਥਾਣਾ ਪੁਲਸ ਨੇ ਜਾਂਚ ਮਗਰੋਂ ਸੀ. ਐੱਫ. ਐੱਸ. ਐੱਲ. ਟੀਮ ਨੂੰ ਬੁਲਾਇਆ। 6 ਘੰਟਿਆਂ ਬਾਅਦ ਪੁਲਸ ਡਰਾਈਵਰ ਮੋਹਾਲੀ ਫੇਜ਼-11 ਵਾਸੀ ਕਲਿਆਣ ਸਿੰਘ ਨੂੰ ਸੈਕਟਰ-16 ਜਨਰਲ ਹਸਪਤਾਲ 'ਚ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਡਰਾਈਵਰ ਦੀ ਲਾਸ਼ ਨੂੰ ਮੋਰਚਰੀ 'ਚ ਰਖਵਾ ਦਿੱਤਾ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਕਲਿਆਣ ਸਿੰਘ ਨੇ ਸ਼ੂਗਰ ਦੀ ਬੀਮਾਰੀ ਤੋਂ ਤੰਗ ਆ ਕੇ ਖੁਦ ਨੂੰ ਗੋਲੀ ਮਾਰੀ ਹੈ। ਮਲੋਆ ਥਾਣਾ ਪੁਲਸ ਮਾਮਲੇ 'ਚ ਜਾਂਚ ਕਰ ਰਹੀ ਹੈ।
ਮੋਹਾਲੀ ਫੇਜ਼-11 ਵਾਸੀ 40 ਸਾਲਾ ਕਲਿਆਣ ਸਿੰਘ ਕਸੌਲੀ ਸਥਿਤ ਬਾਬਾ ਰਿਜ਼ਾਰਟ ਦੇ ਮਾਲਕ ਹਰਦੀਪ ਸਿੰਘ ਕੋਲ 15 ਸਾਲਾਂ ਤੋਂ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ। ਰਾਤੀ ਲੇਟ ਹੋਣ ਕਾਰਨ ਕਲਿਆਣ ਸਿੰਘ ਮਾਲਕ ਹਰਦੀਪ ਸਿੰਘ ਦੀ ਸੈਕਟਰ-38 ਸਥਿਤ ਕੋਠੀ 'ਚ ਰੁਕ ਗਿਆ। ਸਵੇਰੇ ਹਰਦੀਪ ਸਿੰਘ ਆਪਣੇ ਦੋਸਤ ਨੂੰ ਮਿਲਣ ਲਈ ਸੈਕਟਰ-19 ਚਲੇ ਗਏ। ਪੀ. ਜੀ. ਆਈ. 'ਚ ਚੈੱਕਅਪ ਕਰਵਾਉਣ ਲਈ ਡਰਾਈਵਰ ਕਲਿਆਣ ਸਿੰਘ 9 ਵਜੇ ਤਿਆਰ ਹੋ ਗਿਆ ਸੀ। ਕਲਿਆਣ ਸਿੰਘ ਤਿਆਰ ਹੋਣ ਦੇ ਬਾਅਦ ਕੋਠੀ ਦੀ ਪਹਿਲੀ ਮੰਜ਼ਿਲ 'ਤੇ ਮਾਲਕ ਹਰਦੀਪ ਸਿੰਘ ਦੇ ਕਮਰੇ 'ਚ ਗਿਆ ਤੇ ਉਸਨੇ ਪਿਸਤੌਲ ਕੱਢ ਕੇ ਖੁਦ ਨੂੰ ਗੋਲੀ ਮਾਰ ਲਈ। ਰਸੋਈਆ ਰਾਮ ਅਵਧ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਹ ਤੇ ਇਕ ਹੋਰ ਨੌਕਰ ਪਹਿਲੀ ਮੰਜ਼ਿਲ ਦੇ ਕਮਰੇ 'ਚ ਗਏ ਤਾਂ ਅੰਦਰ ਕਲਿਆਣਾ ਸਿੰਘ ਲਹੂ-ਲੁਹਾਨ ਪਿਆ ਸੀ। ਉਸਦੇ ਹੱਥ 'ਚ ਪਿਸਤੌਲ ਸੀ। ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਤੇ ਮਾਲਕ ਨੂੰ ਦਿੱਤੀ। ਗੋਲੀ ਲੱਗਣ ਨਾਲ ਡਰਾਈਵਰ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਦੀਪਕ ਯਾਦਵ ਤੇ ਮਲੋਆ ਥਾਣਾ ਮੁਖੀ ਰਾਮਰਤਨ ਸ਼ਰਮਾ ਮੌਕੇ 'ਤੇ ਪਹੁੰਚੇ। ਉਨ੍ਹਾਂ ਜਾਂਚ ਲਈ ਸੀ. ਐੱਫ. ਐੱਸ. ਐੱਲ. ਟੀਮ ਨੂੰ ਬੁਲਾਇਆ, ਉਥੇ ਹੀ ਕੋਠੀ ਦੇ ਮਾਲਕ ਹਰਦੀਪ ਸਿੰਘ ਆਪਣੇ ਵਕੀਲ ਦੇ ਨਾਲ ਕੋਠੀ 'ਚ ਪਹੁੰਚੇ। ਟੀਮ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਪਤੀ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਤਨੀ ਮਾਲਤੀ ਦੇਵੀ ਵੀ ਕੋਠੀ 'ਚ ਪਹੁੰਚ ਗਈ।
ਉਸਨੇ ਦੱਸਿਆ ਕਿ ਉਸਦੀਆਂ ਦੋ ਬੇਟੀਆਂ ਤੇ ਇਕ ਬੇਟਾ ਹੈ। ਪਿਛਲੇ 15 ਸਾਲਾਂ ਤੋਂ ਪਤੀ ਹਰਦੀਪ ਸਿੰਘ ਕੋਲ ਨੌਕਰੀ ਕਰ ਰਿਹਾ ਸੀ। ਪੁਲਸ ਮੁਤਾਬਿਕ ਕਲਿਆਣ ਕਾਫੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ, ਉਥੇ ਹੀ ਕੋਠੀ ਮਾਲਕ ਹਰਦੀਪ ਸਿੰਘ ਨੇ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


Related News