ਕਲਯੁਗੀ ਪੁੱਤ ਦਾ ਕਾਰਾ, ਬਿਨਾਂ ਪੁੱਛੇ ਇਨਵਰਟਰ ਲਿਆਉਣ 'ਤੇ ਮਾਂ ਦਾ ਇੱਟ ਮਾਰ ਕੇ ਕਰ'ਤਾ ਕਤਲ
Thursday, May 09, 2024 - 09:27 PM (IST)
 
            
            ਮਮਦੋਟ (ਸ਼ਰਮਾ)- ਪੁਲਸ ਥਾਣਾ ਮਮਦੋਟ ਅਧੀਨ ਆਉਂਦੀ ਬਸਤੀ ਕਸ਼ਮੀਰ ਸਿੰਘ ਵਾਲੀ ਦਾਖਲੀ ਮਮਦੋਟ ਹਿਠਾੜ ਵਿਖੇ ਇੱਕ ਕਲਯੁਗੀ ਪੁੱਤਰ ਵੱਲੋਂ ਇੰਨਵਰਟਰ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਕਾਰਨ ਇੱਟ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤੇ ਜਾਣ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਰਾਜ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਬਸਤੀ ਕਸ਼ਮੀਰ ਸਿੰਘ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਅਪਾਹਜ ਹੈ ਅਤੇ ਪਿੰਡ ਵਿਚ ਟੇਲਰ ਮਾਸਟਰ ਦਾ ਕੰਮ ਕਰਦਾ ਹੈ। ਉਹ ਚਾਰ ਭਰਾ ਹਨ। ਉਸ ਦੇ ਪਿਤਾ ਦਰਸ਼ਨ ਸਿੰਘ ਦੀ 15-16 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਉਸ ਨੇ ਅੱਗੇ ਦੱਸਿਆ ਕਿ ਘਰ ਵਿੱਚ ਉਹ, ਉਸ ਦੀ ਮਾਤਾ ਪਿਆਰੋ ਬਾਈ ਅਤੇ ਭਰਾ ਅਮਰਜੀਤ ਸਿੰਘ ਇੱਕਠੇ ਰਹਿੰਦੇ ਹਨ, ਜਦਕਿ ਉਸ ਦੇ 2 ਹੋਰ ਭਰਾ ਸੁਖਚੈਨ ਸਿੰਘ ਅਤੇ ਬਲਵਿੰਦਰ ਸਿੰਘ ਉਨ੍ਹਾਂ ਤੋਂ ਵੱਖਰੇ ਆਪਣੇ ਘਰ ਵਿੱਚ ਰਹਿੰਦੇ ਹਨ। ਉਸ ਨੇ ਅੱਗੇ ਦੱਸਿਆ ਕਿ ਉਸ ਦੇ ਭਰਾ ਅਮਰਜੀਤ ਸਿੰਘ ਦਾ 3 ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਇਸ ਕਰਕੇ ਦੋਹਾਂ ਭਰਾਵਾਂ ਦੀ ਰੋਟੀ ਉਨ੍ਹਾਂ ਮਾਤਾ ਪਿਆਰੋ ਬਾਈ ਹੀ ਬਣਾਉਂਦੀ ਸੀ।
ਇਹ ਵੀ ਪੜ੍ਹੋ- SAD ਲੀਗਲ ਵਿੰਗ ਦੇ ਪ੍ਰਧਾਨ ਦਾ ਬਿਆਨ- 'ਲਿਖੀ-ਲਿਖਾਈ ਸਕ੍ਰਿਪਟ ਬੋਲ ਕੇ ਬੁਟੇਰਲਾ ਨੇ ਕੀਤੀ ਸਿਆਸੀ ਖ਼ੁਦਕੁਸ਼ੀ'
ਉਨ੍ਹਾਂ ਦੱਸਿਆ ਕਿ 8 ਮਈ 2024 ਰਾਤ ਕਰੀਬ 9:30 ਵਜੇ ਉਸ ਦੀ ਮਾਤਾ ਉਸ ਨੂੰ ਰੋਟੀ ਦੇ ਰਹੀ ਸੀ ਤਾਂ ਇੰਨੇ ਨੂੰ ਉਸ ਦਾ ਦੂਜਾ ਭਰਾ ਅਮਰਜੀਤ ਸਿੰਘ ਜਦੋਂ ਕੰਮ ਤੋਂ ਘਰ ਆਇਆ ਤਾਂ ਉਸ ਨੂੰ ਤੇ ਉਸ ਦੀ ਮਾਤਾ ਨੂੰ ਕਹਿਣ ਲੱਗਿਆ ਕਿ ਤੁਸੀ ਘਰ ਵਿੱਚ ਮੈਨੂੰ ਪੁੱਛੇ ਬਿਨਾਂ ਇਨਵਰਟਰ ਕਿਵੇਂ ਲਗਵਾ ਲਿਆ ?
ਇਹ ਕਹਿ ਕੇ ਉਹ ਉਸ ਨਾਲ ਅਤੇ ਉਸ ਦੀ ਮਾਂ ਨਾਲ ਲੜਨ ਲੱਗ ਪਿਆ ਤੇ ਹੱਥੋ-ਪਾਈ ਹੋਣ ਲੱਗ ਪਿਆ। ਇਸ ਦੌਰਾਨ ਉਸ ਦੀ ਮਾਂ ਬਚ-ਬਚਾਅ ਕਰਨ ਲਈ ਉਨ੍ਹਾਂ ਦੇ ਗੁਆਂਢੀ ਨੂੰ ਬੁਲਾਉਣ ਲਈ ਦੌੜੀ ਤਾਂ ਉਸ ਦੇ ਭਰਾ ਨੇ ਗੁੱਸੇ 'ਚ ਅੰਨ੍ਹੇ ਹੋ ਕੇ ਇਕ ਇੱਟ ਚੁੱਕ ਕੇ ਮਾਂ ਦੇ ਸਿਰ 'ਚ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਗਈ ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮਈ ਦੇ ਪਹਿਲੇ ਹਫ਼ਤੇ ਹੀ ਗਰਮੀ ਨੇ ਕਢਾਏ 'ਵੱਟ', ਅਸਮਾਨੀ ਚੜ੍ਹਿਆ ਪਾਰਾ, ਜਨਤਾ ਹੋਈ ਹਾਲੋ-ਬੇਹਾਲ
ਇਸ ਤੋਂ ਬਾਅਦ ਉਸ ਦਾ ਭਰਾ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ 112 ਨੰਬਰ 'ਤੇ ਫ਼ੋਨ ਕਰ ਕੇ ਸ਼ਿਕਾਇਤ ਦਰਜ ਕਰਵਾਈ। ਇਸ 'ਤੇ ਕਾਰਵਾਈ ਕਰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਮ੍ਰਿਤਕਾ ਦੇ ਪੁੱਤਰ ਰਾਜਕੁਮਾਰ ਦੇ ਬਿਆਨਾਂ 'ਤੇ ਅਮਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            