ਫਗਵਾੜਾ: ਦੋਸਤ ਦੀ ਪਤਨੀ 'ਤੇ ਮਾੜੀ ਨਜ਼ਰ ਰੱਖਣੀ ਪਈ ਮਹਿੰਗੀ, 2 ਦੋਸਤਾਂ ਨੇ ਮਿਲ ਕੇ ਦਿੱਤੀ ਦਰਦਨਾਕ ਮੌਤ
Saturday, Jul 23, 2022 - 02:23 PM (IST)
 
            
            ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਪਿੰਡ ਭੁੱਲਾਰਾਈ ਦੀ ਅਮਰੀਕ ਨਗਰੀ ਵਿਖੇ ਚੁੰਨੀਆਂ ਰੰਗਣ ਵਾਲੇ ਨੌਜਵਾਨ ਪਰਮਜੀਤ ਕੁਮਾਰ ਉਰਫ਼ ਪੰਮਾ ਪੁੱਤਰ ਰੇਸ਼ਮ ਲਾਲ ਦੀ ਸ਼ੱਕੀ ਹਾਲਾਤ ’ਚ ਹੋਏ ਕਤਲ ਦੀ ਗੁੱਥੀ ਨੂੰ ਫਗਵਾੜਾ ਪੁਲਸ ਵੱਲੋਂ ਸੁਲਝਾਉਂਦੇ ਹੋਏ ਕਤਲ ਕਾਂਡ ’ਚ ਉਸ ਦੇ ਦੋ ਕਰੀਬੀ ਦੋਸਤਾਂ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਐੱਸ. ਪੀ. ਮੁਖ਼ਤਿਆਰ ਰਾਏ ਨੇ ਦੱਸਿਆ ਕਿ ਪੁਲਸ ਨੇ ਕਤਲ ਕਾਂਡ ਸਬੰਧੀ ਉਸ ਦੇ ਦੋ ਕਰੀਬੀ ਦੋਸਤਾਂ ਜਿਨ੍ਹਾਂ ਦੀ ਪਛਾਣ ਅਮਨਪ੍ਰੀਤ ਉਰਫ਼ ਅਮਨ ਪੁੱਤਰ ਰੇਸ਼ਮ ਲਾਲ ਅਤੇ ਗੋਲੂ ਉਰਫ਼ ਗੁਰਪ੍ਰੀਤ ਪੁੱਤਰ ਲੇਟ ਜੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਨਪ੍ਰੀਤ ਉਰਫ਼ ਅਮਨ ਨੂੰ ਅਦਾਲਤ ’ਚ ਪੇਸ਼ ਕਰ ਪੁਲਸ ਨੇ ਉਸ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਫਿਲੌਰ 'ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨੂੰ ਘਰ 'ਚ ਬੰਦੀ ਬਣਾ ਕੇ ਕੀਤਾ ਜਬਰ-ਜ਼ਿਨਾਹ

ਐੱਸ. ਪੀ. ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਅਮਨਪ੍ਰੀਤ ਉਰਫ਼ ਅਮਨ ਨੇ ਇੰਕਸਾਫ ਕੀਤਾ ਕਿ ਮ੍ਰਿਤਕ ਪਰਮਜੀਤ ਕੁਮਾਰ ਉਰਫ਼ ਪੰਮਾ ਪੁੱਤਰ ਰੇਸ਼ਮ ਲਾਲ ਵਾਸੀ ਅਮਰੀਕ ਨਗਰੀ ਭੁੱਲਾਰਾਈ ਕਾਲੋਨੀ ਫਗਵਾੜਾ ਉਸ ਦਾ ਅਤੇ ਉਸ ਦੇ ਦੋਸਤ ਗੋਲੂ ਉਰਫ਼ ਗੁਰਪ੍ਰੀਤ ਪੁੱਤਰ ਲੇਟ ਜੀਤ ਕੁਮਾਰ ਦਾ ਜਿਗਰੀ ਦੋਸਤ ਸੀ, ਜੋ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਹ ਤਿੰਨੋਂ ਦੋਸਤ ਕੁਆਰੇ ਸਨ ਅਤੇ ਸਿਗਰਟਾਂ ਆਦਿ ਪੀਣ ਦੇ ਸ਼ੌਕੀਨ ਸਨ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਉਰਫ਼ ਅਮਨ ਦਾ ਬੀਤੇ ਕਰੀਬ ਚਾਰ ਮਹੀਨੇ ਪਹਿਲਾਂ ਵਿਆਹ ਹੋ ਗਿਆ ਸੀ, ਜਿਸ ਤੋਂ ਬਾਅਦ ਪਰਮਜੀਤ ਕੁਮਾਰ ਉਰਫ਼ ਪੰਮਾ ਉਸ ਨੂੰ ਆਖਦਾ ਸੀ ਕਿ ਉਹ ਆਪਣੀ ਪਤਨੀ ਨੂੰ ਉਸ ਦੇ ਘਰ ਲੈ ਕੇ ਆਵੇ ਕਿਉਂਕਿ ਉਹ ਉਸ ਨਾਲ ਰਾਤ ਨੂੰ ਸੌਣਾ ਚਾਹੁੰਦਾ ਹੈ। ਉਹ ਉਸ ਨੂੰ ਇਹ ਵੀ ਕਹਿੰਦਾ ਸੀ ਕਿ ਉਸ ਦੀ ਪਤਨੀ ਉਸ ਕੋਲ ਕਿਹੜੀ ਰਹਿਣੀ ਹੈ। ਇਹ ਵਾਰ-ਵਾਰ ਉਸ ਨੂੰ ਇੰਜ ਹੀ ਆਖਦਾ ਰਹਿੰਦਾ ਸੀ, ਜਦ ਵੀ ਉਸ ਨੂੰ ਮਿਲਦਾ ਸੀ, ਜਿਸ ’ਤੇ ਉਸ ਨੇ ਗੋਲੂ ਨਾਲ ਸਲਾਹ ਕੀਤੀ ਕਿ ਪਰਮਜੀਤ ਇਸ ਤਰ੍ਹਾਂ ਦੀਆਂ ਗ਼ਲਤ ਗੱਲਾਂ ਕਰਦਾ ਹੈ, ਜੋਕਿ ਠੀਕ ਨਹੀਂ ਹੈ, ਇਸ ਨੂੰ ਸਜ਼ਾ ਚੁਕਾਉਣਾ ਹੈ, ਜਿਸ ’ਤੇ ਗੋਲੂ ਨੇ ਵੀ ਬੁਰਾ ਮਨਾਇਆ ਅਤੇ ਪਰਮਜੀਤ ਨੂੰ ਮਜ਼ਾ ਚਖਾਉਣ ਲਈ ਸਹਿਮਤੀ ਜਤਾਈ।

18 ਜੁਲਾਈ ਸ਼ਾਮ ਨੂੰ ਕਰੀਬ 9 ਵਜੇ ਉਹ ਆਪਣੇ ਦੋਸਤ ਗੋਲੂ ਦੇ ਲਾਲ ਪਰਮਜੀਤ ਦੇ ਘਰ ਗਿਆ ਅਤੇ ਮੌਕਾ ਪਾਂਦੇ ਹੀ ਉਸ ਨੇ ਤਿੱਖੀ ਛੁਰੀ ਉਸ ਦੇ ਸਿਰ ’ਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਦੌਰਾਨ ਉਸ ਦੇ ਸਾਥੀ ਦੋਸਤ ਗੋਲੂ ਨੇ ਵੀ ਆਪਣੇ ਕੜੇ ਨਾਲ ਉਸ ਦੇ ਜਬੜੇ ਚਿਹਰੇ ’ਤੇ ਕਈ ਵਾਰ ਕੀਤੇ, ਜਿਸ ਤੋਂ ਬਾਅਦ ਉਹ ਪਰਮਜੀਤ ਕੁਮਾਰ ਦਾ ਕਤਲ ਕਰ ਚੁੱਪ ਚੁਪੀਤੇ ਉਸ ਦੇ ਘਰ ਦੇ ਗੇਟ ਨੂੰ ਤਾਲਾ ਮਾਰ ਕੇ ਮੌਕੇ ਤੋਂ ਚਲੇ ਗਏ। ਜਿਸ ਛੁਰੀ ਨਾਲ ਉਨ੍ਹਾਂ ਪਰਮਜੀਤ ਕੁਮਾਰ ਉਰਫ਼ ਪੰਮਾ ਦਾ ਕਤਲ ਕੀਤਾ ਸੀ, ਉਸ ਨੂੰ ਉਨ੍ਹਾਂ ਝਾੜੀਆਂ ਵਿਚ ਸੁੱਟ ਦਿੱਤਾ ਹੈ। ਐੱਸ. ਪੀ. ਫਗਵਾੜਾ ਮੁਖਤਿਆਰ ਰਾਏ ਨੇ ਦੱਸਿਆ ਕਿ ਪੁਲਸ ਕਤਲ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਦੋਨਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। ਕਤਲਕਾਂਡ ’ਚ ਹੋਰ ਕਈ ਤਰ੍ਹਾਂ ਦੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            