ਹੁਸ਼ਿਆਰਪੁਰ ''ਚ ਬੇਰਹਿਮੀ ਨਾਲ ਨੌਜਵਾਨ ਦਾ ਕਤਲ (ਤਸਵੀਰਾਂ)

10/16/2019 11:11:00 AM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਮੈਲੀ 'ਚ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਉਕਤ ਵਿਅਕਤੀ 20 ਘੰਟੇ ਤੋਂ ਲਾਪਤਾ ਸੀ, ਜਿਸ ਦੀ ਅੱਜ ਤੜਕਸਾਰ ਪਿੰਡ ਦੇ ਬਾਹਰ ਲਾਸ਼ ਬਰਾਮਦ ਕੀਤੀ ਗਈ। ਥਾਣਾ ਚੱਬੇਵਾਲ ਦੀ ਪੁਲਸ ਨੇ ਕਤਲ ਦਾ ਮਾਮਲਾ ਦਰਜਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਪਤਨੀ ਹਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਤੀ ਹਰਵਿੰਦਰ ਸਿੰਘ ਉਰਫ ਸੋਨੂੰ 14 ਅਕਤੂਬਰ ਦੀ ਸਵੇਰ ਨੂੰ ਘਰੋਂ ਆਪਣੇ ਮੋਟਰਸਾਈਕਲ ਨੰਬਰ 'ਤੇ ਸਵਾਰ ਹੋ ਕੇ ਕੰਮ ਲਈ ਚਲਾ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ ਅਤੇ ਉਹ ਰਾਤ ਭਰ ਵਾਪਸ ਨਾ ਆਇਆ। 

ਉਸ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਪਿੰਡ ਦੇ ਲੋਕਾਂ ਨੇ ਉਸ ਨੂੰ ਸੂਚਨਾ ਦਿੱਤੀ ਕਿ ਉਸ ਦਾ ਪਤੀ ਬਾਹਰਵਾਰ ਪਾਣੀ ਦੀ ਟੈਂਕੀ ਕੋਲ ਪਿਆ ਹੈ ਅਤੇ ਬੁਰੀ ਤਰਾਂ ਨਾਲ ਜ਼ਖਮੀ ਹੈ। ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਦਾ ਸਰਪੰਚ ਅਤੇ ਹੋਰ ਪਿੰਡ ਵਾਸੀ ਉਥੋਂ ਦੀ ਲੰਘੇ ਸਨ ਤਾਂ ਉਸ ਸਮੇਂ ਉਥੇ ਕੋਈ ਨਹੀਂ ਸੀ। ਉਸ ਨੇ ਦੱਸਿਆ ਕਿ ਪਿੰਡ ਵਾਸੀ ਉਸ ਨੂੰ ਘਰ ਲੈ ਕੇ ਆਏ ਤਾਂ ਉਹ ਮਰ ਚੁੱਕਾ ਸੀ।

PunjabKesari

ਮਿਲ ਰਹੀਆਂ ਸਨ ਜਾਨੋ ਮਾਰਨ ਦੀਆਂ ਧਮਕੀਆਂ
ਉਸ ਨੇ ਦੱਸਿਆ ਕਿ 3 ਦਿਨ ਪਹਿਲਾਂ ਉਸ ਦੇ ਜੇਠ ਮਨਜੀਤ ਰਾਮ ਦੀ ਉਨ੍ਹਾਂ ਦੇ ਘਰ ਬਾਹਰਵਾਰ ਲੜਾਈ ਹੋਈ ਸੀ, ਜਿਸ 'ਚ ਪਿੰਡ ਦੇ ਪਰਮਜੀਤ ਸਿੰਘ ਪੰਮਾ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ ਜਦਕਿ ਉਸ ਦੇ ਪਤੀ ਨੇ ਸਿਰਫ ਉਸ ਨੂੰ ਛੁਡਾਇਆ ਸੀ। ਉਸ ਨੇ ਦੱਸਿਆ ਕਿ ਐਤਵਾਰ ਨੂੰ ਪੰਮਾ ਆਪਣੇ ਇਕ ਹੋਰ ਸਾਥੀ ਸੂਣਾ ਨੂੰ ਨਾਲ ਲੈ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਸ ਦੇ ਪਤੀ ਨੂੰ ਮਾਰਨ ਲਈ ਆਏ ਸਨ, ਜਿਸ 'ਤੇ ਪਿੰਡ ਵਾਸੀ ਇੱਕਠੇ ਹੋ ਗਏ ਅਤੇ ਉਨ੍ਹਾਂ ਨੇ ਦੋਹਾਂ ਨੂੰ ਘੇਰ ਕੇ ਉਨ੍ਹਾਂ ਕੋਲੋਂ ਦੋ ਲੋਹੇ ਦੀਆਂ ਰਾਡਾਂ ਅਤੇ ਮੋਟਰਸਾਈਕਲ ਖੋਹ ਕੇ ਪਿੰਡ ਦੇ ਰਵਿੰਦਾਸ ਗੁਰਦੁਆਰਾ 'ਚ ਰੱਖ ਦਿੱਤਾ ਸੀ। ਉਸ ਨੇ ਦੱਸਿਆ ਕਿ ਪਰਮਜੀਤ ਪੰਮਾ ਵੱਲੋਂ ਵਾਰ-ਵਾਰ ਉਸ ਦੇ ਪਤੀ 'ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਉਨ੍ਹਾਂ ਨੂੰ ਡਰ ਸੀ। ਉਸ ਨੇ ਦੱਸਿਆ ਕਿ ਕੰਮ 'ਤੇ ਗਏ ਉਸ ਦੇ ਪਤੀ ਨੂੰ ਅਗਵਾ ਕਰਕੇ ਉਸ ਦੀ ਇੰਨੀ ਕੁੱਟਮਾਰ ਕਰ ਦਿੱਤੀ ਕਿ ਉਸ ਦੀ ਮੌਤ ਹੋ ਗਈ। 

PunjabKesari

ਉਸ ਨੇ ਦੋਸ਼ ਲਗਾਇਆ ਕਿ ਸਵੇਰੇ ਸਾਰ ਹੀ ਉਸ ਦੇ ਪਤੀ ਦੀ ਲਾਸ਼ ਪਿੰਡ ਦੇ ਬਾਹਰਵਾਰ ਸੁੱਟ ਦਿੱਤੀ ਅਤੇ ਨਾਲ ਹੀ ਉਸ ਦਾ ਮੋਟਰਸਾਈਕਲ ਸੁੱਟ ਦਿੱਤਾ। ਉਸ ਨੇ ਮੰਗ ਕੀਤੀ ਕਿ ਉਸ ਦੇ ਪਤੀ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੋਸਟਮਾਰਟ ਰਿਪੋਰਟ ਆਉਣ 'ਤੇ ਸਪਸ਼ਟ ਹੋ ਜਾਵੇਗਾ। ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਮਾਮਲਾ ਦਰਜ਼ ਕਰ ਲਿਆ ਜਾਵੇਗਾ।


shivani attri

Content Editor

Related News